ਨਵੀਂ ਦਿੱਲੀ, 22 ਫਰਵਰੀ
ਬੌਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਕਿਹਾ ਕਿ ਉਸ ਨੂੰ ਆਪਣੇ ਪ੍ਰੋਫੈਸ਼ਨ ਦੇ ਸ਼ੁਰੂਆਤੀ ਸਾਲਾਂ ਮਗਰੋਂ ਅਹਿਸਾਸ ਹੋਇਆ ਕਿ ਉਹ ਐਕਸ਼ਨ ਹੀਰੋ ਦੀ ਦਿੱਖ ਵਿੱਚ ਜਕੜਿਆ ਗਿਆ ਹੈ ਕਿਉਂਕਿ ਉਹ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਸਿਰਫ਼ ਐਕਸ਼ਨ ਫ਼ਿਲਮਾਂ ਕਰਦਾ ਸੀ। ਅਕਸ਼ੈ ਕੁਮਾਰ ਨੇ ਕਿਹਾ, ‘‘ਮੈਨੂੰ ਲੰਮੇ ਸਮੇਂ ਮਗਰੋਂ ਅਹਿਸਾਸ ਹੋਇਆ ਕਿ ਸ਼ੁਰੂਆਤੀ ਦਿਨਾਂ ਤੋਂ ਮੈਂ ਸਿਰਫ਼ ਐਕਸ਼ਨ ਫ਼ਿਲਮਾਂ ਹੀ ਕਰਦਾ ਹਾਂ। ਮੈਨੂੰ ਐਕਸ਼ਨ ਹੀਰੋ ਵਜੋਂ ਪਛਾਣ ਮਿਲੀ। ਹਰੇਕ ਸਵੇਰ ਜਦੋਂ ਮੈਂ ਉਠਦਾ ਤਾਂ ਮੈਨੂੰ ਪਤਾ ਹੁੰਦਾ ਸੀ ਕਿ ਮੈਂ ਸੈੱਟ ’ਤੇ ਜਾਣਾ ਹੈ ਅਤੇ ਐਕਸ਼ਨ ਸੀਨ ਕਰਨਾ ਹੈ। ਮੈਂ ਅੱਕ ਜਾਂਦਾ ਅਤੇ ਸੋਚਣ ਲੱਗਦਾ ਕਿ ਮੈਂ ਸਿਰਫ਼ ਐਕਸ਼ਨ ਫ਼ਿਲਮਾਂ ਕਰਕੇ ਕੀ ਕਰ ਰਿਹਾ ਹਾਂ।’’ ਉਹ ਯਾਦ ਕਰਦਾ ਹੈ ਕਿ ਕਿਵੇਂ ਉਸ ਨੇ ਕਾਮੇਡੀ ਫ਼ਿਲਮਾਂ ਨਾਲ ਆਪਣੀ ਇਹ ਦਿੱਖ ਤੋੜੀ। ਉਨ੍ਹਾਂ ਕਿਹਾ, ‘‘ਮੈਂ ਵੱਖ ਵੱਖ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ। ਉਦੋਂ ਲੋਕ ਕਹਿੰਦੇ ਸਨ ਕਿ ਤੂੰ ਕਾਮੇਡੀ ਨਹੀਂ ਕਰ ਸਕੇਂਗਾ, ਪਰ ਪ੍ਰਿਯਦਰਸ਼ਨ ਜੀ ਅਤੇ ਰਾਜਕੁਮਾਰ ਸੰਤੋਸ਼ੀ ਜੀ ਨੇ ਮੈਨੂੰ ਕਾਮੇਡੀ ਵਿੱਚ ਮੌਕਾ ਦਿੱਤਾ।’’ ਉਹ ਕਿਸ ਸ਼ੈਲੀ ਵਿੱਚ ਕੰਮ ਕਰਨਾ ਚਾਹੁੰਦੇ ਹਨ ਬਾਰੇ ਪੁੱਛਣ ’ਤੇ ਅਕਸ਼ੈ ਕੁਮਾਰ ਨੇ ਕਿਹਾ, ‘‘ਮੈਂ ਇਹ ਨਹੀਂ ਵੇਖਦਾ ਕਿ ਉਹ ਖਲਨਾਇਕ ਹੈ ਜਾਂ ਨਾਇਕ ਹੈ। ਮੈਂ ਸਭ ਕੁੱਝ ਕੀਤਾ ਹੈ। ਜੇਕਰ ਮੈਨੂੰ ਫ਼ਿਲਮ ਪਸੰਦ ਹੈ ਤਾਂ ਮੈਂ ਕਰਦਾ ਹਾਂ।’’ ਅਕਸ਼ੈ ਕੁਮਾਰ ਛੇਤੀ ਹੀ ‘ਸੂਰਿਆਵੰਸ਼ੀ’ ਫ਼ਿਲਮ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਉਨ੍ਹਾਂ ਨੇ ਏਟੀਐੱਸ ਅਫ਼ਸਰ ਵੀਰ ਸੂਰਿਆਵੰਸ਼ੀ ਦੀ ਭੂਮਿਕਾ ਨਿਭਾਈ ਹੈ। ਉਹ ‘ਬੈੱਲ ਬੌਟਮ’ ਵਿੱਚ ਰਾਅ ਏਜੰਟ ਅਤੇ ‘ਪ੍ਰਿਥਵੀਰਾਜ’ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਭੂਮਿਕਾ ਨਿਭਾਅ ਰਹੇ ਹਨ। ਉਸ ਦੀ ਝੋਲੀ ਵਿੱਚ ‘ਬਚਨ ਪਾਂਡੇ’, ‘ਅਤਰੰਗ ਰੇ’ ‘ਰਕਸ਼ਾ ਬੰਧਨ’ ਅਤੇ ‘ਰਾਮ ਸੇਤੂ’ ਫ਼ਿਲਮ ਵੀ ਹਨ।













