ਚੰਡੀਗੜ੍ਹ : ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ‘ਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋ ਸ਼ੂਟਰ ਛੱਤੀਸਗੜ੍ਹ ਭੱਜ ਗਏ ਸਨ ਅਤੇ ਰਾਏਪੁਰ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਲੁਕ ਗਏ। ਰਾਏਪੁਰ ਅਤੇ ਪੰਜਾਬ ਪੁਲਿਸ ਨੇ ਹੁਣ ਦੋਵਾਂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਦੱਸ ਦਈਏ ਕਿ ਤਕਨੀਕੀ ਜਾਣਕਾਰੀ ਅਤੇ ਲੋਕੇਸ਼ਨ ਟਰੇਸਿੰਗ ਨੇ ਪੰਜਾਬ ਪੁਲਿਸ ਨੂੰ ਇਹ ਪਤਾ ਲਗਾਉਣ ਵਿੱਚ ਮਦਦ ਕੀਤੀ ਕਿ ਦੋਸ਼ੀ ਰਾਏਪੁਰ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਲੁਕੇ ਹੋਏ ਸਨ। ਦੋਵੇਂ ਸ਼ੂਟਰਾਂ ਦਾ ਟਿਕਾਣਾ ਰਾਜੇਂਦਰ ਨਗਰ ਦੇ ਰਿਸ਼ਭ ਅਪਾਰਟਮੈਂਟਸ ਵਿੱਚ ਸੀ। ਟਿਕਾਣੇ ਦੀ ਪੁਸ਼ਟੀ ਕਰਨ ਤੋਂ ਬਾਅਦ, ਪੰਜਾਬ ਅਤੇ ਰਾਏਪੁਰ ਪੁਲਿਸ ਨੇ ਛਾਪੇਮਾਰੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਸ਼ੂਟਰ ਸੁਖਰਾਜ ਅਤੇ ਕਰਮਵੀਰ ਨੂੰ ਰਿਸ਼ਭ ਅਪਾਰਟਮੈਂਟਸ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੰਜਾਬ ਪੁਲਿਸ ਨੇ ਸ਼ੂਟਰਾਂ ਨੂੰ ਰਾਏਪੁਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਹ ਟਰਾਂਜ਼ਿਟ ਰਿਮਾਂਡ ‘ਤੇ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਹਨ। ਰਾਏਪੁਰ ਪੁਲਿਸ ਸ਼ੂਟਰਾਂ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਕਤਲ ਦੀ ਸਾਜ਼ਿਸ਼ ਗੈਂਗ ਨੈੱਟਵਰਕ ਅਤੇ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ।

ਦੱਸਣਯੋਗ ਹੈ ਕਿ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਵਲਟੋਹਾ ਪਿੰਡ ਦੇ ਮੁਖੀ ਝਰਮਲ ਸਿੰਘ ਦਾ 4 ਜਨਵਰੀ ਨੂੰ ਕਤਲ ਕਰ ਦਿੱਤਾ ਗਿਆ ਸੀ। ਉਹ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਦੇ ਮੈਰੀ ਗੋਲਡ ਰਿਜ਼ੋਰਟ ਗਏ ਸਨ। ਸਮਾਰੋਹ ਦੌਰਾਨ ਦੋ ਹਮਲਾਵਰ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਦੇ ਸਿਰ ਵਿੱਚ ਨੇੜਿਓਂ ਗੋਲੀ ਮਾਰ ਦਿੱਤੀ ਸੀ। ਸਿਰ ‘ਚ ਗੋਲੀ ਲੱਗਣ ਕਾਰਨ ਉਹ ਜ਼ਮੀਨ ‘ਤੇ ਡਿੱਗ ਗਏ ਸਨ। ਇਸ ਘਟਨਾ ਨਾਲ ਮੈਰਿਜ ਪੈਲੇਸ ਵਿੱਚ ਹਫੜਾ-ਦਫੜੀ ਮਚ ਗਈ। ਅਤੇ ਝਰਮਲ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋਈ ਜਿਸ ਵਿੱਚ ਕੁਝ ਵਿਅਕਤੀਆਂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ। ਪੁਲਿਸ ਇਸ ਪੋਸਟ ਦੀ ਵੀ ਜਾਂਚ ਕਰ ਰਹੀ ਹੈ।