ਅੰਮ੍ਰਿਤਸਰ/ ਸ੍ਰੀ ਫਤਹਿਗੜ੍ਹ ਸਾਹਿਬ, 10 ਜਨਵਰੀ
ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ ਅੱਜ ਪੰਜਾਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਇਥੇ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਕੇਸਰੀ ਦਸਤਾਰ ਸਜਾਈ ਹੋਈ ਸੀ। ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਉਨ੍ਹਾਂ ਨੂੰ ਇਥੇ ਲਿਆਂਦਾ ਗਿਆ। ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ,ਪ੍ਰਤਾਪ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਅਜਨਾਲਾ, ਭਗਵੰਤਪਾਲ ਸਿੰਘ ਸੱਚਰ ਅਤੇ ਹੋਰ ਆਗੂ ਸ਼ਾਮਲ ਹਨ। ਉਨ੍ਹਾਂ ਹਰਿਮੰਦਰ ਸਾਹਿਬ ਵਿਖੇ ਪਰਿਕਰਮਾ ਕੀਤੀ ਅਤੇ ਕੀਰਤਨ ਸੁਣਿਆ। ਉਨ੍ਹਾਂ ਕੜਾਹ ਪ੍ਰਸ਼ਾਦ ਦੀ ਦੇਗ਼ ਵੀ ਭੇਟ ਕੀਤੀ। ਵਾਪਸੀ ਵੇਲੇ ਅਕਾਲ ਤਖ਼ਤ ਦੇ ਸਨਮੁੱਖ ਖੜੇ ਹੋ ਕੇ ਮੱਥਾ ਟੇਕਿਆ। ਉਨ੍ਹਾਂ ਮੀਡੀਆ ਨਾਲ ਕੋਈ ਗੱਲ ਕਰਨ ਤੋਂ ਗੁਰੇਜ਼ ਕੀਤਾ। ਕਾਂਗਰਸੀ ਆਗੂ ਸ੍ਰੀ ਸੱਚਰ ਵੱਲੋਂ ਉਨ੍ਹਾਂ ਨੂੰ ਸ੍ਰੀ ਸਾਹਿਬ ਅਤੇ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਲੋਕ ਸਭਾ ਮੈਂਬਰ ਰਾਹੁਲ ਗਾਂਧੀ ਅੱਜ ਦੇਰ ਸ਼ਾਮ ਆਪਣੇ ਸਾਥੀਆਂ ਸਮੇਤ ਅਨਾਜ ਮੰਡੀ ਸਰਹਿੰਦ ਵਿੱਚ ਪਹੁੰਚ ਗਏ ਹਨ, ਜਿਥੇ ਉਹ ਅੱਜ ਦੀ ਰਾਤ ਠਹਿਰਨਗੇ ਤੇ ਭਲਕੇ 11 ਜਨਵਰੀ ਨੂੰ ਸਵੇਰੇ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਅਨਾਜ ਮੰਡੀ ਸਰਹਿੰਦ ਤੋਂ ਆਪਣੀ ਯਾਤਰਾ ਸ਼ੁਰੂ ਕਰਨਗੇ। ਸਰਹਿੰਦ ਪਹੁੰਚਣ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਤੇ ਸਾਬਕਾ ਮੁੱਖ ਮੰਤਰੀ ਦਿੱਗਵਿਜੈ ਸਿੰਘ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਮੇਤ ਕਾਂਗਰਸ ਆਗੂਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਬਾਅਦ ਵਿੱਚ ਉਹ ਪਿੰਡ ਸਿੱਧੂਪੁਰ ਸਥਿਤ ਇੱਕ ਵਰਕਰ ਗੁਰਮੀਤ ਸਿੰਘ ਬਿੱਟੂ ਦੇ ਘਰ ਗਏ, ਜਿਥੇ ਉਹ ਸਾਬਕਾ ਫ਼ੌਜੀ ਦੀਪ ਚੰਦ ਨੂੰ ਵੀ ਮਿਲੇ ਤੇ ਉਥੇ ਉਨ੍ਹਾਂ ਸਾਗ, ਮੱਕੀ ਦੀ ਰੋਟੀ ਤੇ ਛੋਲੇ ਭਟੂਰੇ ਵੀ ਛਕੇ।














