ਤਿਰੂਵਨੰਤਪੁਰਮ, ਪੰਜਾਬ ਦੀ ਅੰਜੁਮ ਮੌਦਗਿਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 62ਵੀਂ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਅੱਜ ਇੱਥੇ ਮਹਿਲਾਵਾਂ ਦੀ ਦਸ ਮੀਟਰ ਏਅਰ ਰਾਈਫਲ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ। ਇੱਕ ਹੋਰ ਸਟਾਰ ਨਿਸ਼ਾਨੇਬਾਜ਼ ਮੇਹੁਲੀ ਘੋਸ਼ ਨੇ ਚਾਰ ਸੋਨ ਤਗ਼ਮੇ ਆਪਣੇ ਨਾਮ ਕੀਤੇ। ਅੰਜੁਮ ਨੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਵੀ ਸੋਨੇ ਦਾ ਤਗ਼ਮਾ ਜਿੱਤਿਆ ਸੀ। ਉਸ ਨੇ ਅੱਜ ਫਾਈਨਲ ਵਿੱਚ 249.1 ਦਾ ਸਕੋਰ ਬਣਾਇਆ। ਪੰਜਾਬ ਦੀ ਉਸ ਦੀ ਸਾਥੀ ਜਸਮੀਨ ਕੌਰ 247.9 ਦੇ ਸਕੋਰ ਨਾਲ ਦੂਜੇ ਸਥਾਨ ’ਤੇ ਰਹੀ।
ਤਮਿਲਨਾਡੂ ਦੀ ਸੀ ਕਵੀ ਰਕਸਾਨਾ ਨੇ 226.0 ਅੰਕ ਬਣਾ ਕੇ ਕਾਂਸੀ ਜਿੱਤੀ। ਮੇਹੁਲੀ ਘੋਸ਼ ਦਿਨ ਦੀ ਇੱਕ ਹੋਰ ਸਟਾਰ ਰਹੀ ਅਤੇ ਉਸ ਨੇ ਚਾਰ ਸੋਨ ਤਗ਼ਮੇ ਫੁੰਡੇ, ਜਿਸ ਵਿੱਚ ਮਹਿਲਾਵਾਂ ਦੀ ਦਸ ਮੀਟਰ ਏਅਰ ਰਾਈਫਲ ਵਿੱਚ ਜੂਨੀਅਰ ਅਤੇ ਯੂਥ ਵਰਗ ਦੇ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਦੇ ਸੋਨ ਤਗ਼ਮੇ ਸ਼ਾਮਲ ਹਨ। ਉਸ ਨੇ ਯੂਥ ਫਾਈਨਲ ਵਿੱਚ 253 ਅਤੇ ਜੂਨੀਅਰ ਫਾਈਨਲ ਵਿੱਚ 249.1 ਦਾ ਸਕੋਰ ਬਣਾਇਆ। ਹੋਰ ਮਸ਼ਹੂਰ ਨਿਸ਼ਾਨੇਬਾਜ਼ਾਂ ਵਿੱਚ ਓਲੰਪੀਅਨ ਅਪੂਰਵੀ ਚੰਦੇਲਾ ਨੇ ਏਅਰ ਰਾਈਫਲ ਦੇ ਫਾਈਨਲ ਵਿੱਚ ਥਾਂ ਬਣਾਈ, ਪਰ ਉਹ ਵਿਅਕਤੀਗਤ ਤਗ਼ਮਾ ਸੂਚੀ ਵਿੱਚ ਚੌਥੇ ਸਥਾਨ ’ਤੇ ਰਹੀ। ਉਸ ਨੇ ਹਾਲਾਂਕਿ ਓਐਨਜੀਸੀ ਦੀ ਸ੍ਰੀਅੰਕਾ ਸਦਾਂਗੀ ਅਤੇ ਗਾਇਤਰੀ ਪਵਾਸਕਰ ਨਾਲ ਮਿਲ ਕੇ ਟੀਮ ਮੁਕਾਬਲੇ ਦਾ ਸੋਨ ਤਗ਼ਮਾ ਜਿੱਤਿਆ। ਇਨ੍ਹਾਂ ਤਿੰਨਾਂ ਨੇ 1868.5 ਅੰਕ ਬਣਾਏ। ਰਾਜਸਥਾਨ 1865 ਅੰਕ ਨਾਲ ਦੂਜੇ ਸਥਾਨ ’ਤੇ ਰਿਹਾ। ਮਹਾਰਾਸ਼ਟਰ ਦੀ ਭਕਤੀ ਭਾਸਕਰ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਜੂਨੀਅਰ ਵਰਗ ਦਾ ਖ਼ਿਤਾਬ ਜਿੱਤਿਆ। ਉਸ ਨੇ ਫਾਈਨਲ ਵਿੱਚ 441.6 ਦਾ ਸਕੋਰ ਬਣਾਇਆ। ਪੱਛਮੀ ਬੰਗਾਲ ਦੀ ਅਪੂਰਵੀ ਪੋਦਾਰ 440.4 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ।
ਜੈਪੁਰ ਵਿੱਚ ਚੱਲ ਰਹੀ ਸ਼ਾਟਗਨ ਕੌਮੀ ਚੈਂਪੀਅਨਸ਼ਿਪ ਵਿੱਚ ਉਤਰ ਪ੍ਰਦੇਸ਼ ਦੇ ਮੁਹੰਮਦ ਅਸਾਬ ਨੇ ਜੂਨੀਅਰ ਵਰਗ ਡਬਲ ਟਰੈਪ ਵਿੱਚ ਵਿਅਕਤੀਗਤ ਸੋਨ ਤਗ਼ਮੇ ਨਾਲ ਅਹਿਵਾਰ ਰਿਜ਼ਵੀ ਨਾਲ ਮਿਲ ਕੇ ਟੀਮ ਮੁਕਾਬਲੇ ਵਿੱਚ ਵੀ ਸੋਨਾ ਹਾਸਲ ਕੀਤਾ। ਮਹਿਲਾਵਾਂ ਦੇ ਜੂਨੀਅਰ ਡਬਲ ਟਰੈਪ ਵਿੱਚ ਪੰਜਾਬ ਨੇ ਕਲੀਨ ਸਵੀਪ ਕੀਤਾ। ਪ੍ਰਭਸੁਖਮਨ ਕੌਰ ਨੇ ਮਹਿਲਾਵਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ 84 ਅੰਕ ਨਾਲ ਸੋਨ ਤਗ਼ਮਾ ਜਿੱਤਿਆ। ਉਹ ਆਪਣੇ ਹੀ ਸੂਬੇ ਦੀ ਪ੍ਰਭਜੋਤ ਕੌਰ ਪਨੇਸਰ (66) ਤੋਂ ਅੱਗੇ ਰਹੀ। ਇਨ੍ਹਾਂ ਦੋਵਾਂ ਨੇ ਹਿਤਾਸ਼ਾ ਨਾਲ ਮਿਲ ਕੇ ਟੀਮ ਮੁਕਾਬਲੇ ਦਾ ਸੋਨ ਤਗ਼ਮਾ ਜਿੱਤਿਆ।













