ਅਮਰੀਕੀ ਨੇਵਲ ਅਕੈਡਮੀ ‘ਤੇ ਹੋਏ ਘਾਤਕ ਹਮਲੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਇੱਕ ਵਿਅਕਤੀ ਹਥਿਆਰ ਲੈ ਕੇ ਅਕੈਡਮੀ ਵਿੱਚ ਦਾਖਲ ਹੋਇਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਇਸ ਨਾਲ ਨੇਵਲ ਅਕੈਡਮੀ ਵਿੱਚ ਹੜਕੰਪ ਮਚ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਗੋਲੀਬਾਰੀ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਇਸ ਦੌਰਾਨ, ਇੱਕ ਜਾਨਲੇਵਾ ਧਮਕੀ ਮਿਲਣ ਤੋਂ ਬਾਅਦ ਨੇਵਲ ਅਕੈਡਮੀ ਨੂੰ ਤਾਲਾਬੰਦ ਕਰ ਦਿੱਤਾ ਗਿਆ ਹੈ। ਇਹ ਘਟਨਾ ਵੀਰਵਾਰ ਦੀ ਦੱਸੀ ਜਾ ਰਹੀ ਹੈ।

ਨੇਵਲ ਅਕੈਡਮੀ ਵਿੱਚ ਗੋਲੀਬਾਰੀ ਅਤੇ ਧਮਕੀ ਭਰੇ ਸੰਦੇਸ਼ਾਂ ਦੀਆਂ ਰਿਪੋਰਟਾਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਚਾਰਜ ਸੰਭਾਲ ਲਿਆ ਹੈ। ਐਨਾਪੋਲਿਸ, ਮੈਰੀਲੈਂਡ ਵਿੱਚ ਸਥਿਤ ਇਸ ਫੌਜੀ ਅਕੈਡਮੀ ਨੇ ਸਥਾਨਿਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਸਥਿਤੀ ਦਾ ਜਵਾਬ ਦਿੱਤਾ। ਅਕੈਡਮੀ ਬੇਸ ਦੇ ਬੁਲਾਰੇ ਲੈਫਟੀਨੈਂਟ ਨਾਵਿਦ ਲੇਮਰ ਨੇ ਇੱਕ ਬਿਆਨ ਵਿੱਚ ਕਿਹਾ, “ਸਾਵਧਾਨੀ ਦੇ ਤੌਰ ‘ਤੇ, ਬੇਸ ਨੂੰ ਤਾਲਾਬੰਦ ਕਰ ਦਿੱਤਾ ਗਿਆ ਹੈ।” “ਹੋਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।” ਨੇਵਲ ਅਕੈਡਮੀ ਨੂੰ ਸੁਰੱਖਿਆ ਏਜੰਸੀਆਂ ਨੇ ਘੇਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੂੰ ਅਕੈਡਮੀ ਦੀ ਸਭ ਤੋਂ ਵੱਡੀ ਇਮਾਰਤ, ਬੈਨਕ੍ਰਾਫਟ ਹਾਲ ਦੇ ਨੇੜੇ ਦੇਖਿਆ ਗਿਆ, ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਕਾਲਜ ਡੌਰਮਿਟਰੀ ਮੰਨਿਆ ਜਾਂਦਾ ਹੈ, ਜਿਸ ਵਿੱਚ ਮਿਡਸ਼ਿਪਮੈਨ (ਸਮੁੰਦਰੀ ਕੈਡੇਟਾਂ) ਦੇ 1,600 ਤੋਂ ਵੱਧ ਕਮਰੇ ਹਨ।ਹਾਲਾਂਕਿ, ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਜ਼ਖਮੀ ਵਿਅਕਤੀ ਇਸ ਇਮਾਰਤ ਨਾਲ ਜੁੜਿਆ ਹੋਇਆ ਸੀ ਜਾਂ ਨਹੀਂ। ਗਵਰਨਰ ਦਫ਼ਤਰ ਅਤੇ ਸੰਘੀ ਏਜੰਸੀਆਂ ਦੇ ਅਨੁਸਾਰ, ਇੱਕ ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਇਸ ਸਮੇਂ ਅਕੈਡਮੀ ਲਈ ਕੋਈ ਭਰੋਸੇਯੋਗ ਜਾਂ ਸਰਗਰਮ ਖ਼ਤਰਾ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਧਮਕੀ ਸੋਸ਼ਲ ਮੀਡੀਆ ‘ਤੇ ਇੱਕ ਸਾਬਕਾ ਵਿਦਿਆਰਥੀ ਦੁਆਰਾ ਦਿੱਤੀ ਗਈ ਹੈ ਜਿਸਨੇ ਝੂਠਾ ਸੰਕੇਤ ਦਿੱਤਾ ਸੀ ਕਿ ਉਹ ਅਜੇ ਵੀ ਕੈਂਪਸ ਵਿੱਚ ਹੈ। ਇਹ ਜਾਣਕਾਰੀ ਅਣਅਧਿਕਾਰਤ ਰਿਪੋਰਟਾਂ ‘ਤੇ ਅਧਾਰਤ ਹੈ।