ਮੁੰਬਈ:ਅਦਾਕਾਰ ਅਨਿਲ ਕਪੂਰ ਨੇ ਫਿਲਮ ਜਗਤ ਵਿੱਚ ਆਪਣੇ ਸਫ਼ਰ ਦੇ ਚਾਰ ਦਹਾਕੇ ਮੁਕੰਮਲ ਕਰ ਲਏ ਹਨ। ਇਸ ਸਫ਼ਰ ਦੌਰਾਨ ਅਦਾਕਾਰ ਨੂੰ ਕਈ ਐਵਾਰਡਾਂ ਅਤੇ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ। ਇਸ ਮੌਕੇ ਆਪਣੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਬੀਤੇ ਸਮੇਂ ਦੇ ਕਈ ਪਲਾਂ ਦੀਆਂ ਝਲਕੀਆਂ ਸ਼ਾਮਲ ਹਨ। ਇਨ੍ਹਾਂ ਤਸਵੀਰਾਂ ਰਾਹੀਂ ਅਦਾਕਾਰ ਨੇ ਵੱਖ ਵੱਖ ਸਮਿਆਂ ’ਤੇ ਮਿਲਣ ਵਾਲੇ ਐਵਾਰਡ ਸਮਾਗਮਾਂ ਦੀ ਯਾਦ ਤਾਜ਼ਾ ਕੀਤੀ ਹੈ। ਇਨ੍ਹਾਂ ਤਸਵੀਰਾਂ ਨਾਲ ਅਦਾਕਾਰ ਨੇ ਲਿਖਿਆ ਹੈ, ‘ਮੈਂ ਚਾਰ ਦਹਾਕੇ ਲੰਘਾ ਚੁੱਕਾ ਹਾਂ। ਉਤਾਰ-ਚੜ੍ਹਾਅ ਬਦਲੇ ਹਨ, ਹੁਨਰ ਬਦਲਿਆ ਹੈ, ਮਿਜ਼ਾਜ ਬਦਲੇ ਹਨ ਤੇ ਜ਼ਾਹਿਰ ਤੌਰ ’ਤੇ ਦਰਸ਼ਕ ਵੀ ਬਦਲੇ ਹਨ…ਇੱਕ ਚੀਜ਼ ਜੋ ਹੁੁਣ ਤੱਕ ਨਹੀਂ ਬਦਲੀ ਹੈ…ਉਹ ਹੈ ਸਖ਼ਤ ਮਿਹਨਤ, ਅਟਲਤਾ ਅਤੇ ਦ੍ਰਿੜ੍ਹਤਾ। ਇਹੀ ਸਭ ਤੋਂ ਵੱਡੇ ਐਵਾਰਡ ਵੀ ਹਨ।’ ਗੌਰਤਲਬ ਹੈ ਕਿ 66 ਸਾਲਾ ਅਨਿਲ ਕਪੂਰ ਹੁਣ ਤੱਕ ਸੌ ਤੋਂ ਵੱਧ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਿਆ ਹੈ, ਜਿਨ੍ਹਾਂ ਵਿੱਚ ‘ਮੇਰੀ ਜੰਗ’, ‘ਕਰਮਾ’, ‘ਮਿਸਟਰ ਇੰਡੀਆ’, ‘ਤੇਜ਼ਾਬ’, ‘ਪਰਿੰਦਾ’, ‘1942: ਏ ਲਵ ਸਟੋਰੀ’, ‘ਤਾਲ’, ‘ਨਾਇਕ’ ਤੇ ਹੋਰ ਕਈ ਫਿਲਮਾਂ ਸ਼ਾਮਲ ਹਨ।














