1120 ਕਰੋੜ ਦੀ ਜਾਇਦਾਦ ਕੀਤੀ ਜ਼ਬਤ, ਪੜ੍ਹੋ ਪੂਰਾ ਮਾਮਲਾ
ਨਵੀ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨਾਲ ਜੁੜੀਆਂ ਕੰਪਨੀਆਂ ਨਾਲ ਸਬੰਧਤ ₹1,120 ਕਰੋੜ ਦੀਆਂ ਨਵੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ, ਜਿਸ ਨਾਲ ਗਰੁੱਪ ਵਿਰੁੱਧ ਜ਼ਬਤ ਕੀਤੀ ਗਈ ਕੁੱਲ ਜਾਇਦਾਦ ₹10,117 ਕਰੋੜ ਹੋ ਗਈ ਹੈ।
ਜਾਣਕਾਰੀ ਦਿੰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦੱਸਿਆ ਤਾਜ਼ਾ ਕਾਰਵਾਈ ਵਿੱਚ ਮੁੰਬਈ ਦੇ ਬੈਲਾਰਡ ਅਸਟੇਟ ਵਿਖੇ ਰਿਲਾਇੰਸ ਸੈਂਟਰ, ਫਿਕਸਡ ਡਿਪਾਜ਼ਿਟ (ਐਫਡੀ), ਬੈਂਕ ਬੈਲੇਂਸ ਅਤੇ ਗੈਰ-ਸੂਚੀਬੱਧ ਨਿਵੇਸ਼ ਸਮੇਤ 18 ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਜ਼ਬਤ ਕੀਤਾ ਗਿਆ ਹੈ। ਰਿਲਾਇੰਸ ਇਨਫਰਾਸਟ੍ਰਕਚਰ ਨਾਲ ਸਬੰਧਤ ਸੱਤ, ਰਿਲਾਇੰਸ ਪਾਵਰ ਨਾਲ ਸਬੰਧਤ ਦੋ, ਅਤੇ ਰਿਲਾਇੰਸ ਵੈਲਯੂ ਸਰਵਿਸਿਜ਼ ਨਾਲ ਸਬੰਧਤ ਨੌਂ ਜਾਇਦਾਦਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਈਡੀ ਨੇ ਰਿਲਾਇੰਸ ਵੈਂਚਰ ਐਸੇਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਅਤੇ ਫਾਈ ਮੈਨੇਜਮੈਂਟ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਸਮੇਤ ਹੋਰ ਸਮੂਹ ਕੰਪਨੀਆਂ ਦੀਆਂ ਐਫਡੀ ਅਤੇ ਨਿਵੇਸ਼ਾਂ ਨੂੰ ਵੀ ਜ਼ਬਤ ਕੀਤਾ ਹੈ।
ਈਡੀ ਦੀ ਜਾਂਚ ਵਿੱਚ ਰਿਲਾਇੰਸ ਹੋਮ ਫਾਈਨੈਂਸ (RHFL) ਅਤੇ ਰਿਲਾਇੰਸ ਕਮਰਸ਼ੀਅਲ ਫਾਈਨੈਂਸ (RCFL) ਵਿੱਚ ਫੰਡਾਂ ਦੀ ਵਿਆਪਕ ਦੁਰਵਰਤੋਂ ਦਾ ਪਤਾ ਲੱਗਿਆ। ਈਡੀ ਅਨੁਸਾਰ ਤਾਜ਼ਾ ਕਾਰਵਾਈ ਨਾਲ, ਸਮੂਹ ਤੋਂ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਦੀ ਕੁੱਲ ਕੀਮਤ ਹੁਣ ₹10,117 ਕਰੋੜ ਹੋ ਗਈ ਹੈ। ਇਸ ਤੋਂ ਪਹਿਲਾਂ ਈਡੀ ਨੇ ਬੈਂਕ ਲੋਨ ਧੋਖਾਧੜੀ ਦੇ ਮਾਮਲਿਆਂ ਵਿੱਚ ਰਿਲਾਇੰਸ ਕਮਿਊਨੀਕੇਸ਼ਨਜ਼, ਰਿਲਾਇੰਸ ਕਮਰਸ਼ੀਅਲ ਫਾਈਨੈਂਸ ਅਤੇ ਰਿਲਾਇੰਸ ਹੋਮ ਫਾਈਨੈਂਸ ਦੀਆਂ 8,997 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਸਨ।
ਬੀਤੀ 20 ਨਵੰਬਰ ਨੂੰ, ਈਡੀ ਨੇ ਅਨਿਲ ਅੰਬਾਨੀ ਦੀਆਂ ਲਗਭਗ ₹1,400 ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਸਨ। ਇਹ ਜਾਇਦਾਦਾਂ ਨਵੀਂ ਮੁੰਬਈ, ਚੇਨਈ, ਪੁਣੇ ਅਤੇ ਭੁਵਨੇਸ਼ਵਰ ਵਿੱਚ ਸਥਿਤ ਹਨ। 3 ਨਵੰਬਰ ਨੂੰ, ਈਡੀ ਨੇ ਫੰਡ ਡਾਇਵਰਸ਼ਨ ਮਾਮਲੇ ਦੇ ਸਬੰਧ ਵਿੱਚ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀ 132 ਏਕੜ ਜ਼ਮੀਨ ਜ਼ਬਤ ਕੀਤੀ। ਇਹ ਜ਼ਮੀਨ ਨਵੀਂ ਮੁੰਬਈ ਦੇ ਧੀਰੂਭਾਈ ਅੰਬਾਨੀ ਨਾਲੇਜ ਸਿਟੀ (DAKC) ਵਿੱਚ ਸਥਿਤ ਹੈ, ਅਤੇ ਇਸਦੀ ਕੀਮਤ ₹4,462.81 ਕਰੋੜ ਸੀ। ਇਸ ਤੋਂ ਇਲਾਵਾ ਸਮੂਹ ਨਾਲ ਸਬੰਧਤ 40 ਤੋਂ ਵੱਧ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਗਿਆ ਸੀ। ਇਨ੍ਹਾਂ ਜਾਇਦਾਦਾਂ ਵਿੱਚ ਅਨਿਲ ਅੰਬਾਨੀ ਦਾ ਪਾਲੀ ਹਿੱਲ ਵਾਲਾ ਘਰ ਵੀ ਸ਼ਾਮਲ ਹੈ। ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਦੀ ਕੁੱਲ ਕੀਮਤ ₹3,084 ਕਰੋੜ ਦੱਸੀ ਗਈ ਸੀ।














