ਪੁਲੀਸ ਦਾ ਮੁੰਡੇ ਨਾਲ ਪਹਿਲਾਂ ਕਈ ਵਾਰ ਪੈ ਚੁੱਕਾ ਸੀ ਵਾਹ
ਬੀਤੀ ਰਾਤ ਸਰੀ ਸਥਿਤ ਵਾਲਮਾਰਟ ਦੇ ਪਲਾਜ਼ੇ ਵਿੱਚ ਕਾਰ ਵਿੱਚ ਬੈਠਿਆਂ ਗੋਲੀਆਂ ਨਾਲ ਭੁੰਨੇ ਗਏ 23 ਸਾਲਾ ਭਾਰਤੀ ਮੂਲ ਦੇ ਮੁੰਡੇ ਅਤੇ 24 ਸਾਲਾ ਕੁੜੀ ਦੀ ਪਛਾਣ ਬੇਸ਼ੱਕ ਪੁਲੀਸ ਨੇ ਅਜੇ ਜਾਰੀ ਨਹੀਂ ਕੀਤੀ, ਪਰ ਜਾਣਕਾਰਾਂ ਨੇ ਮੁੰਡੇ ਦੀ ਪਛਾਣ ਗੈਰੀ ਰੀਹਲ ਵਜੋਂ ਕੀਤੀ ਹੈ। ਹੱਤਿਆ ਤੋਂ ਕੁਝ ਮਿੰਟਾਂ ਬਾਅਦ ਉੱਥੋਂ ਥੋੜ੍ਹੀ ਦੂਰ ਕਾਰ ਨੂੰ ਲਾਈ ਗਈ ਅੱਗ ਇਸ ਗੱਲ ਦੀ ਗਵਾਹੀ ਹੈ ਕਿ ਸ਼ੱਕੀਆਂ ਵੱਲੋਂ ਵਾਰਦਾਤ ਮੌਕੇ ਉਹੀ ਕਾਰ ਵਰਤੀ ਗਈ ਹੋਵੇਗੀ।
ਪਿਛਲੇ ਚਾਰ-ਪੰਜ ਸਾਲਾਂ ਤੋਂ ਹਿੰਸਕ ਗਰੋਰਾਂ ਵੱਲੋਂ ਇੱਕ-ਦੂਜੇ ਗਰੁੱਪ ਦੇ ਲੋਕਾਂ ਨੂੰ ਮਾਰਨ ਲਈ ਇਹੀ ਢੰਗ ਵਰਤਿਆ ਜਾਂਦਾ ਹੈ। ਘਟਨਾ ਮੌਕੇ ਪਲਾਜ਼ੇ ਵਿੱਚ ਖੜ੍ਹੀ ਕਾਰ ਦੀ ਡਰਾਈਵਰ ਸੀਟ ’ਤੇ ਮੁੰਡਾ ਬੈਠਾ ਸੀ ਅਤੇ ਸੱਜੇ ਪਾਸੇ ਕੁੜੀ ਬੈਠੀ ਸੀ। ਪੁਲੀਸ ਨੇ ਜਾਂਚ ਲਈ ਉਸ ਲਾਲ ਰੰਗ ਦੀ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਫ਼ੌਰੈਂਸਿਕ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਅਤੇ ਹੋਰ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਪੌਣੇ ਦਸ ਵਜੇ ਵਾਪਰੀ, ਜਦੋਂ ਮਾਰੇ ਗਏ ਕੁੜੀ ਅਤੇ ਮੁੰਡਾ ਸਰੀ ਦੀ 88ਵੀਂ ਐਵੇਨਿਊ ਸਥਿਤ ਵਾਲਮਾਰਟ ਪਲਾਜ਼ੇ ਵਿੱਚ ਆਪਣੀ ਕਾਰ ਵਿੱਚ ਕਿਸੇ ਦੀ ਉਡੀਕ ਵਿੱਚ ਬੈਠੇ ਸਨ। ਸ਼ੱਕੀਆਂ ਨੇ ਆਪਣੀ ਕਾਰ ਉਨ੍ਹਾਂ ਦੀ ਕਾਰ ਮੂਹਰੇ ਲਗਾ ਕੇ ਰਸਤਾ ਰੋਕਿਆ ਅਤੇ ਸਾਈਡ ਤੋਂ ਦੋਵਾਂ ਨੂੰ ਕਈ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ। ਥੋੜ੍ਹੀ ਦੇਰ ਬਾਅਦ ਪੁਲੀਸ ਨੂੰ ਉੱਥੋਂ ਥੋੜ੍ਹੀ ਦੂਰ ਇੱਕ ਕਾਰ ਨੂੰ ਅੱਗ ਲੱਗਣ ਦਾ ਪਤਾ ਲੱਗਾ।
ਸਰੀ ਪੁਲੀਸ ਨੇ ਮਾਮਲਾ ਕਤਲਾਂ ਦੀ ਜਾਂਚ ਟੀਮ ਦੇ ਸਪੁਰਦ ਕਰ ਦਿੱਤਾ ਹੈ, ਜਿਸ ਵੱਲੋਂ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਮਰਨ ਵਾਲੇ ਲੜਕੇ ਦੇ ਪੁਲੀਸ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਉਸ ਵਿਰੁੱਧ ਹਿੰਸਾ ਦੇ ਕੁਝ ਮਾਮਲੇ ਪਹਿਲਾਂ ਤੋਂ ਦਰਜ ਹਨ, ਜਿਸ ਕਾਰਨ ਪੁਲੀਸ ਨੇ ਜਾਂਚ ਵਿੱਚ ਹੋਰ ਕਾਰਨਾਂ ਦੇ ਨਾਲ-ਨਾਲ ਸੂਈ ਗਰੋਹ ਹਿੰਸਾ ਉੱਤੇ ਵੀ ਟਿਕਾ ਲਈ ਹੈ।














