ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਪਲਕ ਗੁਲੀਆ ਨੇ ਐਤਵਾਰ ਨੂੰ ਰੀਓ ਡੀ ਜਨੇਰੀਓ, ਬ੍ਰਾਜ਼ੀਲ ਵਿੱਚ ISSF ਫਾਈਨਲ ਓਲੰਪਿਕ ਕੁਆਲੀਫਿਕੇਸ਼ਨ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਲਈ 20ਵਾਂ ਪੈਰਿਸ 2024 ਓਲੰਪਿਕ ਕੋਟਾ ਹਾਸਲ ਕੀਤਾ। 18 ਸਾਲ ਦੀ ਪਲਕ ਨੇ 217.6 ਦਾ ਸਕੋਰ ਕੀਤਾ। ਅਰਮੀਨੀਆ ਦੀ ਏਲਮੀਰਾ ਕਾਰਪੇਟੀਅਨ ਨੇ 240.7 ਦੇ ਸਕੋਰ ਨਾਲ ਸੋਨ ਤਗਮਾ ਜਿੱਤਿਆ ਜਦਕਿ ਥਾਈਲੈਂਡ ਦੀ ਕਾਮੋਨਲਾਕ ਸਾਂਚਾ ਨੇ 240.5 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਭਾਰਤੀ ਨਿਸ਼ਾਨੇਬਾਜ਼ ਸਨਯਮ 176.7 ਦੇ ਸਕੋਰ ਨਾਲ ਪੰਜਵੇਂ ਸਥਾਨ ‘ਤੇ ਰਹੇ।

ਪਲਕ ਦੀ ਫਾਈਨਲ ‘ਚ ਸ਼ੁਰੂਆਤ ਚੰਗੀ ਨਹੀਂ ਰਹੀ। ਜਦੋਂ ਕਿ ਓਲੰਪਿਕ ਕੋਟੇ ਲਈ ਮੁਕਾਬਲੇ ਦੀ ਸ਼ੁਰੂਆਤ ‘ਚ ਥਾਈਲੈਂਡ ਦੀ ਕਾਮੋਨਲਾਕ ਸਾਂਚਾ ਅਤੇ ਹੰਗਰੀ ਦੀ ਮੇਜਰ ਵੇਰੋਨਿਕਾ ਨੇ ਚੰਗੀ ਲੀਡ ਲੈ ਲਈ। ਹਾਲਾਂਕਿ, ਦਬਾਅ ਦੇ ਬਾਵਜੂਦ, ਪਲਕ ਨੇ ਵਾਪਸੀ ਕੀਤੀ ਅਤੇ ਐਲੀਮੀਨੇਸ਼ਨ ਪੜਾਅ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ। ਵੇਰੋਨਿਕਾ ਨੂੰ ਪੰਜਵੇਂ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ।
ਜਦੋਂ ਕਿ ਪਹਿਲੇ ਸਥਾਨ ‘ਤੇ ਰਹਿਣ ਵਾਲੀ ਐਲਮੀਰਾ ਕਰਾਪੇਟੀਅਨ ਨੇ ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਲਿਆ ਸੀ, ਇਸ ਲਈ ਚਾਂਦੀ ਦਾ ਤਗਮਾ ਜਿੱਤਣ ਵਾਲੀ ਸੇਂਚਾ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਲਕ ਨੂੰ ਓਲੰਪਿਕ ਕੋਟਾ ਮਿਲਿਆ। ਪਲਕ ਗੁਲੀਆ ਨੇ ਪਿਛਲੇ ਸਾਲ ਹੋਈਆਂ ਏਸ਼ਿਆਈ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਜਦਕਿ ਭਾਰਤ ਦੀ ਈਸ਼ਾ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ।

18 ਸਾਲਾ ਪਲਕ ਡੀਏਵੀ ਕਾਲਜ ਸੈਕਟਰ-10 ਵਿਚ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਹੈ। ਪਲਕ ਡੀਏਵੀ ਕਾਲਜ-10 ਦੀ ਚੌਥੀ ਨਿਸ਼ਾਨੇਬਾਜ਼ ਹੈ, ਜਿਸ ਨੂੰ ਪੈਰਿਸ ਓਲੰਪਿਕ ਲਈ ਕੋਟਾ ਮਿਲਿਆ ਹੈ। ਇਸ ਤੋਂ ਪਹਿਲਾਂ ਡੀਏਵੀ ਕਾਲਜ ਦੇ ਵਿਜੇਵੀਰ ਸਿੰਘ ਸਿੱਧੂ ਨੇ 25 ਮੀਟਰ ਵਿੱਚ, ਸਰਬਜੋਤ ਸਿੰਘ ਨੇ 10 ਮੀਟਰ ਵਿਚ ਅਤੇ ਮਨੂ ਭਾਕਰ ਨੇ 25 ਮੀਟਰ ਸਪੋਰਟਸ ਪਿਸਟਲ ਵਿਚ ਓਲੰਪਿਕ ਕੋਟਾ ਹਾਸਲ ਕੀਤਾ ਸੀ।