ਹੁਸ਼ਿਆਰਪੁਰ : ਸਟੱਡੀ ਵੀਜ਼ੇ ’ਤੇ ਆਪਣੀ ਜੇਬ ਤੋਂ ਪੈਸੇ ਲਗਾ ਕੇ ਵਿਦੇਸ਼ ਭੇਜੀ ਪਤਨੀ ਦੀ ਬੇਵਫਾਈ ਤੋਂ ਪ੍ਰੇਸ਼ਾਨ ਪਤੀ ਵੱਲੋਂ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਜਿਸ ਕਾਰਨ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਪਤਨੀ, ਸੱਸ ਤੋਂ ਇਲਾਵਾ ਦੋ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਅਮਰਜੀਤ ਸਿੰਘ (25) ਦੇ ਪਿਤਾ ਕਿਸ਼ਨ ਸਿੰਘ ਨਿਵਾਸੀ ਗੱਦੀਵਾਲ ਥਾਣਾ ਗੜ੍ਹਸ਼ੰਕਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਬੇਟੇ ਅਮਰਜੀਤ ਸਿੰਘ ਦਾ ਵਿਆਹ ਕੁਲਵਿੰਦਰ ਕੌਰ ਨਿਵਾਸੀ ਗੌਂਦਪੁਰ ਜੈ ਚੰਦ ਥਾਣਾ ਟਾਹਲੀਵਾਲ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਨਾਲ 21 ਜਨਵਰੀ 2024 ਨੂੰ ਪੂਰੇ ਸਿੱਖ ਰੀਤੀ ਰਿਵਾਜ ਨਾਲ ਹੋਇਆ ਸੀ। ਵਿਆਹ ਤੋਂ ਚਾਰ ਮਹੀਨਿਆਂ ਬਾਅਦ ਹੀ ਉਸ ਦੇ ਲੜਕੇ ਅਮਰਜੀਤ ਸਿੰਘ ਨੇ ਖੁਦ 15 ਲੱਖ ਰੁਪਏ ਲਗਾ ਕੇ ਸੁਖਵਿੰਦਰ ਕੌਰ ਨੂੰ ਸਟੱਡੀ ਵੀਜ਼ੇ ਤੇ ਕੈਨੇਡਾ ਭੇਜ ਦਿੱਤਾ। ਉਸ ਤੋਂ ਬਾਅਦ ਦੋ ਵਾਰ ਅਮਰਜੀਤ ਸਿੰਘ ਨੇ ਸਟੱਡੀ ਫੀਸ ਲਈ ਦੋ ਲੱਖ ਰੁਪਏ ਕੁਲਵਿੰਦਰ ਕੌਰ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ । ਕੈਨੇਡਾ ਵਿੱਚ ਹੀ ਕੁਲਵਿੰਦਰ ਕੌਰ ਨੇ ਇੱਕ ਬੱਚੀ ਨੂੰ ਜਨਮ ਦਿੱਤਾ । ਜਿਸ ਦੀ ਸੂਚਨਾ ਮਿਲਦੇ ਹੀ ਖੁਸ਼ੀ ਵਿੱਚ ਝੂਮਦੇ ਹੋਏ ਅਮਰਜੀਤ ਸਿੰਘ ਨੇ ਦੋ ਲੱਖ ਰੁਪਏ ਕੁਲਵਿੰਦਰ ਕੌਰ ਨੂੰ ਵਧਾਈ ਵਜੋਂ ਭੇਜ ਦਿੱਤੇ।
1 ਫਰਵਰੀ 2025 ਨੂੰ ਕੁਲਵਿੰਦਰ ਕੌਰ ਆਪਣੀ ਬੇਟੀ ਨਾਲ ਇੰਡੀਆ ਆਈ ਤਾਂ ਅਮਰਜੀਤ ਸਿੰਘ ਉਸ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਪਿੰਡ ਗੱਦੀਵਾਲ ਆ ਗਿਆ। ਲਗਭਗ 20 ਦਿਨ ਬਾਅਦ ਕੁਲਵਿੰਦਰ ਕੌਰ ਬੇਟੀ ਨੂੰ ਉਸ ਕੋਲ ਹੀ ਛੱਡ ਕੇ ਵਾਪਸ ਕੈਨੇਡਾ ਚਲੀ ਗਈ । ਪ੍ਰੇਸ਼ਾਨ ਅਮਰਜੀਤ ਸਿੰਘ ਨੇ ਜਦੋਂ ਕੁਲਵਿੰਦਰ ਕੌਰ ਨਾਲ ਗੱਲਬਾਤ ਕੀਤੀ ਕੀਤੀ ਤਾਂ ਉਹ ਗਾਲਾਂ ਅਤੇ ਧਮਕੀਆਂ ਦੇਣ ਲੱਗੀ ਕਿ ਨਾ ਤਾਂ ਉਹ ਉਸ ਨੂੰ ਕੈਨੇਡਾ ਬੁਲਾਏਗੀ ਅਤੇ ਨਾ ਹੀ ਉਸ ਦਾ ਕਿਤੇ ਕੰਮ ਹੋਣ ਦੇਵੇਗੀ । ਇਸੇ ਪ੍ਰੇਸ਼ਾਨੀ ਕਾਰਨ ਅਮਰਜੀਤ ਸਿੰਘ ਨੇ ਸ਼ੁੱਕਰਵਾਰ ਦੇਰ ਸ਼ਾਮ ਪੱਖੇ ਨਾਲ ਲਟਕ ਕੇ ਫੰਦਾ ਲਗਾ ਕੇ ਜਾਨ ਦੇ ਦਿੱਤੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ਕਿਸ਼ਨ ਸਿੰਘ ਦੇ ਬਿਆਨ ’ਤੇ ਕੁਲਵਿੰਦਰ ਕੌਰ ਤੋਂ ਇਲਾਵਾ ਕੁਲਜੀਤ ਕੌਰ, ਸੁਰਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।














