ਹੁਣ ਤੱਕ ਜੇਕਰ ਤੁਸੀਂ ਵਟਸਐਪ (WhatsApp) ‘ਤੇ ਕਿਸੇ ਅਣਜਾਣ ਜਾਂ ਨਵੇਂ ਵਿਅਕਤੀ ਨਾਲ ਗੱਲਬਾਤ ਕਰਨੀ ਹੁੰਦੀ ਸੀ, ਤਾਂ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੇਣਾ ਪੈਂਦਾ ਸੀ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਮੈਟਾ ਦੀ ਮਲਕੀਅਤ ਵਾਲੇ ਮੈਸੇਜਿੰਗ ਐਪ ਵਟਸਐਪ ਨੇ ਇੱਕ ਨਵਾਂ ਯੂਜ਼ਰਨੇਮ (Username) ਫੀਚਰ ਪੇਸ਼ ਕੀਤਾ ਹੈ। ਇਸ ਨਵੇਂ ਬਦਲਾਅ ਤੋਂ ਬਾਅਦ, ਯੂਜ਼ਰਸ ਆਪਣਾ ਨਿੱਜੀ ਮੋਬਾਈਲ ਨੰਬਰ ਦੱਸੇ ਬਿਨਾਂ ਵੀ ਸਿਰਫ਼ ਯੂਜ਼ਰਨੇਮ ਦੀ ਮਦਦ ਨਾਲ ਦੂਜਿਆਂ ਨਾਲ ਚੈਟ ਕਰ ਸਕਣਗੇ।
ਯੂਜ਼ਰਨੇਮ ਦੀ ਬੁਕਿੰਗ ਸ਼ੁਰੂ
ਕੰਪਨੀ ਨੇ 29 ਜੂਨ ਤੋਂ ਪੂਰੀ ਦੁਨੀਆ ਵਿੱਚ ਇਸ ਯੂਜ਼ਰਨੇਮ ਨੂੰ ਰਿਜ਼ਰਵ (ਬੁੱਕ) ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਇਹ ਸਹੂਲਤ ਤੁਰੰਤ ਸਾਰੇ ਲੋਕਾਂ ਨੂੰ ਇੱਕੋ ਸਮੇਂ ਨਹੀਂ ਮਿਲੇਗੀ। ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਇਸ ਨੂੰ ਵੱਖ-ਵੱਖ ਦੇਸ਼ਾਂ ਵਿੱਚ ਹੌਲੀ-ਹੌਲੀ ਜਾਰੀ ਕੀਤਾ ਜਾਵੇਗਾ। ਜਦੋਂ ਵੀ ਇਹ ਫੀਚਰ ਤੁਹਾਡੇ ਖੇਤਰ ਵਿੱਚ ਉਪਲਬਧ ਹੋਵੇਗਾ, ਤੁਹਾਨੂੰ ਵਟਸਐਪ ਦੇ ਅੰਦਰ ਹੀ ਇੱਕ ਨੋਟੀਫਿਕੇਸ਼ਨ ਰਾਹੀਂ ਇਸ ਦੀ ਜਾਣਕਾਰੀ ਮਿਲ ਜਾਵੇਗੀ। ਕਿਉਂਕਿ ਦੁਨੀਆ ਭਰ ਵਿੱਚ ਕਰੋੜਾਂ ਯੂਜ਼ਰਸ ਇੱਕੋ ਜਿਹੇ ਨਾਮ ਰੱਖਣਾ ਚਾਹ ਸਕਦੇ ਹਨ, ਇਸ ਲਈ ਜੋ ਲੋਕ ਪਹਿਲਾਂ ਆਪਣਾ ਯੂਜ਼ਰਨੇਮ ਬੁੱਕ ਕਰਨਗੇ, ਉਨ੍ਹਾਂ ਨੂੰ ਆਪਣੀ ਪਸੰਦ ਦਾ ਨਾਮ ਮਿਲਣ ਦੀ ਉਮੀਦ ਜ਼ਿਆਦਾ ਹੋਵੇਗੀ।
ਪ੍ਰਾਈਵੇਸੀ ਨੂੰ ਮਿਲੇਗਾ ਵੱਡਾ ਫਾਇਦਾ
ਵਟਸਐਪ ਮੁਤਾਬਕ ਕਈ ਵਾਰ ਲੋਕ ਕਿਸੇ ਨਵੇਂ ਵਿਅਕਤੀ ਨਾਲ ਗੱਲ ਤਾਂ ਕਰਨਾ ਚਾਹੁੰਦੇ ਹਨ, ਪਰ ਸੁਰੱਖਿਆ ਕਾਰਨਾਂ ਕਰਕੇ ਆਪਣਾ ਫੋਨ ਨੰਬਰ ਸਾਂਝਾ ਨਹੀਂ ਕਰਨਾ ਚਾਹੁੰਦੇ। ਉਦਾਹਰਨ ਲਈ, ਕਿਸੇ ਨੈੱਟਵਰਕਿੰਗ ਈਵੈਂਟ ਵਿੱਚ ਮਿਲੇ ਸ਼ਖਸ, ਨਵੇਂ ਜਮਾਤੀਆਂ, ਗੁਆਂਢੀਆਂ ਜਾਂ ਬੱਚਿਆਂ ਦੇ ਸਕੂਲ ਤੇ ਖੇਡ ਗਰੁੱਪਾਂ ਵਿੱਚ ਦੂਜੇ ਮਾਪਿਆਂ ਨਾਲ ਗੱਲ ਕਰਦੇ ਸਮੇਂ ਆਪਣੀ ਪ੍ਰਾਈਵੇਸੀ ਬਣਾਈ ਰੱਖਣੀ ਜ਼ਰੂਰੀ ਹੁੰਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਹੁਣ ਮੋਬਾਈਲ ਨੰਬਰ ਦੀ ਜਗ੍ਹਾ ਸਿਰਫ਼ ਯੂਜ਼ਰਨੇਮ ਦਿੱਤਾ ਜਾ ਸਕੇਗਾ।
ਨੰਬਰ ਦੀ ਲੋੜ ਅਤੇ ਸਰਚ ਨਾਲ ਜੁੜੇ ਨਿਯਮ
ਇਸ ਫੀਚਰ ਦੇ ਆਉਣ ਨਾਲ ਮੋਬਾਈਲ ਨੰਬਰ ਸਿਰਫ਼ ਉਨ੍ਹਾਂ ਨਵੇਂ ਲੋਕਾਂ ਤੋਂ ਛੁਪਿਆ ਰਹੇਗਾ ਜੋ ਪਹਿਲੀ ਵਾਰ ਤੁਹਾਡੇ ਨਾਲ ਸੰਪਰਕ ਕਰਨਗੇ। ਜੇਕਰ ਤੁਸੀਂ ਯੂਜ਼ਰਨੇਮ ਸੈੱਟ ਕੀਤਾ ਹੋਇਆ ਹੈ, ਤਾਂ ਨਵਾਂ ਵਿਅਕਤੀ ਤੁਹਾਡਾ ਨੰਬਰ ਨਹੀਂ ਦੇਖ ਸਕੇਗਾ। ਪਰ, ਵਟਸਐਪ ਅਕਾਊਂਟ ਬਣਾਉਣ ਅਤੇ ਚਲਾਉਣ ਲਈ ਮੋਬਾਈਲ ਨੰਬਰ ਪਹਿਲਾਂ ਵਾਂਗ ਹੀ ਜ਼ਰੂਰੀ ਰਹੇਗਾ। ਇਸ ਤੋਂ ਇਲਾਵਾ, ਜਿਨ੍ਹਾਂ ਕੋਲ ਤੁਹਾਡਾ ਨੰਬਰ ਪਹਿਲਾਂ ਤੋਂ ਸੇਵ ਹੈ, ਉਹ ਪਹਿਲਾਂ ਵਾਂਗ ਹੀ ਚੈਟ ਕਰਦੇ ਰਹਿਣਗੇ। ਸੁਰੱਖਿਆ ਦੇ ਲਿਹਾਜ਼ ਨਾਲ, ਵਟਸਐਪ ਕੋਈ ਜਨਤਕ ਯੂਜ਼ਰਨੇਮ ਡਾਇਰੈਕਟਰੀ ਨਹੀਂ ਬਣਾਏਗਾ ਅਤੇ ਨਾ ਹੀ ਕਿਸੇ ਨੂੰ ਤੁਹਾਡੇ ਨਾਮ ਦਾ ਸੁਝਾਅ ਦੇਵੇਗਾ। ਕੋਈ ਵੀ ਵਿਅਕਤੀ ਤੁਹਾਨੂੰ ਸਿਰਫ਼ ਉਦੋਂ ਹੀ ਮੈਸੇਜ ਭੇਜ ਸਕੇਗਾ ਜਦੋਂ ਉਸ ਨੂੰ ਤੁਹਾਡਾ ਬਿਲਕੁਲ ਸਹੀ ਯੂਜ਼ਰਨੇਮ ਪਤਾ ਹੋਵੇਗਾ।
ਯੂਜ਼ਰਨੇਮ ਬੁੱਕ ਕਰਨ ਦਾ ਤਰੀਕਾ
ਆਪਣੀ ਪਸੰਦ ਦਾ ਯੂਜ਼ਰਨੇਮ ਰਿਜ਼ਰਵ ਕਰਨ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ:
ਸਭ ਤੋਂ ਪਹਿਲਾਂ ਆਪਣੇ ਵਟਸਐਪ ਨੂੰ ਨਵੇਂ ਵਰਜ਼ਨ ਨਾਲ ਅਪਡੇਟ ਕਰੋ।
ਐਪ ਖੋਲ੍ਹ ਕੇ Settings (ਸੈਟਿੰਗਜ਼) ਵਿੱਚ ਜਾਓ।
ਹੁਣ Account (ਅਕਾਊਂਟ) ਵਾਲੇ ਆਪਸ਼ਨ ‘ਤੇ ਟੈਪ ਕਰੋ।
ਇੱਥੇ Username (ਯੂਜ਼ਰਨੇਮ) ਦਾ ਵਿਕਲਪ ਚੁਣੋ।
ਆਪਣੀ ਪਸੰਦ ਦਾ ਉਪਲਬਧ ਯੂਜ਼ਰਨੇਮ ਟਾਈਪ ਕਰਕੇ ਉਸ ਨੂੰ ਕਨਫਰਮ (ਪੱਕਾ) ਕਰ ਦਿਓ।














