ਵਾਸ਼ਿੰਗਟਨ : ਅਮਰੀਕਾ ਅਤੇ ਇਰਾਨ ਵਿਚਾਲੇ ਜੰਗ 2 ਹਫ਼ਤਿਆਂ ਲਈ ਰੁਕ ਗਈ ਹੈ। ਦੋਵੇਂ ਦੇਸ਼ 2 ਹਫ਼ਤਿਆਂ ਦੇ ਸੀਜ਼ਫਾਇਰ (ਜੰਗਬੰਦੀ) ਲਈ ਸਹਿਮਤ ਹੋ ਗਏ ਹਨ। ਕੁਝ ਘੰਟੇ ਪਹਿਲਾਂ ਇਹ ਧਮਕੀ ਦੇਣ ਤੋਂ ਬਾਅਦ ਕਿ “ਅੱਜ ਰਾਤ ਇੱਕ ਪੂਰੀ ਸਭਿਅਤਾ ਖ਼ਤਮ ਹੋ ਜਾਵੇਗੀ”, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਰਾਨ ਨਾਲ ਦੋ ਹਫ਼ਤਿਆਂ ਦੀ ਜੰਗਬੰਦੀ ਕਰ ਲਈ ਹੈ।

ਇਸ ਤੋਂ ਪਹਿਲਾਂ ਉਹ ਇਰਾਨ ਦੇ ਬਿਜਲੀ ਘਰਾਂ ਅਤੇ ਪੁਲਾਂ ‘ਤੇ ਹਮਲੇ ਦੀ ਧਮਕੀ ਦੇ ਰਹੇ ਸਨ, ਪਰ ਹੁਣ ਉਨ੍ਹਾਂ ਨੇ ਉਸ ਖ਼ਤਰੇ ਤੋਂ ਪਿੱਛੇ ਹਟਣ ਦਾ ਫ਼ੈਸਲਾ ਕੀਤਾ ਹੈ। ਇਰਾਨ ਵੱਲੋਂ ਵੀ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਘਚੀ ਨੇ ਸੀਜ਼ਫਾਇਰ ‘ਤੇ ਮੋਹਰ ਲਗਾਈ ਹੈ।

ਟਰੰਪ ਨੇ ਕਿਹਾ ਕਿ ਸਾਨੂੰ ਇਰਾਨ ਤੋਂ ਇੱਕ 10-ਨੁਕਾਤੀ ਪ੍ਰਸਤਾਵ ਮਿਲਿਆ ਹੈ, ਜਿਸ ‘ਤੇ ਅਸੀਂ ਵਿਚਾਰ ਕਰ ਰਹੇ ਹਾਂ। ਦੂਜੇ ਪਾਸੇ, ਇਰਾਨ ਦਾ ਦਾਅਵਾ ਹੈ ਕਿ ਟਰੰਪ ਨੇ ਸਾਡੀਆਂ 10 ਸ਼ਰਤਾਂ ਮੰਨ ਲਈਆਂ ਹਨ। ਜੇਕਰ ਹੁਣ ਸਾਡੇ ‘ਤੇ ਹਮਲਾ ਨਹੀਂ ਹੁੰਦਾ, ਤਾਂ ਸਾਡੀ ਫ਼ੌਜ 2 ਹਫ਼ਤਿਆਂ ਤੱਕ ਸੀਜ਼ਫਾਇਰ (ਜੰਗਬੰਦੀ) ਦੀ ਪਾਲਣਾ ਕਰੇਗੀ।

ਡੋਨਾਲਡ ਟਰੰਪ ਨੇ ਇਸ ਜੰਗਬੰਦੀ ਦਾ ਐਲਾਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ‘ਤੇ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਵੱਲੋਂ ਦਿੱਤਾ ਗਿਆ ਪ੍ਰਸਤਾਵ ਸਵੀਕਾਰ ਕਰ ਲਿਆ ਹੈ। ਇਸ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਦੋ ਹਫ਼ਤਿਆਂ ਲਈ ਲੜਾਈ ਰੋਕ ਦਿੱਤੀ ਜਾਵੇ। ਟਰੰਪ ਨੇ ਕਿਹਾ ਕਿ ਅਮਰੀਕਾ ਇਨ੍ਹਾਂ ਦੋ ਹਫ਼ਤਿਆਂ ਦੇ ਸਮੇਂ ਦੀ ਵਰਤੋਂ ਇਰਾਨ ਨਾਲ ਅੰਤਿਮ ਸਮਝੌਤਾ ਕਰਨ ਲਈ ਕਰੇਗਾ। ਭਾਵ ਇਨ੍ਹਾਂ ਦੋ ਹਫ਼ਤਿਆਂ ਦੌਰਾਨ ਗੱਲਬਾਤ ਹੋਵੇਗੀ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ’ ‘ਤੇ ਦੱਸਿਆ ਕਿ ਉਹ ਇਰਾਨ ਵੱਲੋਂ ਤੁਰੰਤ ‘ਸਟ੍ਰੇਟ ਆਫ ਹੋਰਮੂਜ਼’ ਖੋਲ੍ਹਣ ਦੀ ਸ਼ਰਤ ‘ਤੇ ਬੰਬਾਰੀ ਅਤੇ ਹਮਲੇ ਦੋ ਹਫ਼ਤਿਆਂ ਲਈ ਮੁਲਤਵੀ ਕਰਨ ਲਈ ਸਹਿਮਤ ਹਨ। ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਫ਼ੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਆਰਮੀ ਚੀਫ਼ ਆਸਿਮ ਮੁਨੀਰ ਦੀ ਅਪੀਲ ਤੋਂ ਬਾਅਦ ਲਿਆ ਹੈ। ਉਨ੍ਹਾਂ ਕਿਹਾ ਕਿ “ਸਾਨੂੰ ਇਰਾਨ ਤੋਂ 10-ਨੁਕਾਤੀ ਪ੍ਰਸਤਾਵ ਮਿਲਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਸਾਰੇ ਵਿਵਾਦਿਤ ਮੁੱਦਿਆਂ ‘ਤੇ ਸਹਿਮਤੀ ਬਣ ਗਈ ਹੈ। ਅਗਲੇ ਦੋ ਹਫ਼ਤੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਅਤੇ ਉਸ ਨੂੰ ਲਾਗੂ ਕਰਨ ਲਈ ਜ਼ਰੂਰੀ ਹੋਣਗੇ।”

ਇਰਾਨ ਨੇ ਵੀ ਸੀਜ਼ਫਾਇਰ ਦੀ ਪੁਸ਼ਟੀ ਕਰ ਦਿੱਤੀ ਹੈ। ਇਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਨੇ ਦੱਸਿਆ ਕਿ ਅਗਲੀ ਗੱਲਬਾਤ 11 ਅਪ੍ਰੈਲ ਤੋਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਹੋਵੇਗੀ। ਇਰਾਨ ਨੇ ਦੋ ਹਫ਼ਤਿਆਂ ਲਈ ਹੋਰਮੂਜ਼ ਖੋਲ੍ਹਣ ਦੀ ਜਾਣਕਾਰੀ ਦਿੱਤੀ ਅਤੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਇਸ ਦੌਰਾਨ ਰਾਸ਼ਟਰੀ ਏਕਤਾ ਬਣਾਈ ਰੱਖਣ ਅਤੇ ਜਿੱਤ ਦਾ ਜਸ਼ਨ ਪੂਰੀ ਤਾਕਤ ਨਾਲ ਜਾਰੀ ਰੱਖਣ।