ਸਿਓਲ: ਦਖਣੀ ਕੋਰੀਆ ਦੀਆਂ ਖੁਫੀਆ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਉੱਤਰੀ ਕੋਰੀਆ ਨੇ ਯੂਕਰੇਨ ਵਿਰੁਧ ਜੰਗ ’ਚ ਰੂਸ ਦੀ ਮਦਦ ਲਈ 12,000 ਫੌਜੀ ਭੇਜੇ ਹਨ। ਯੋਨਹਾਪ ਸਮਾਚਾਰ ਏਜੰਸੀ ਨੇ ਸ਼ੁਕਰਵਾਰ ਨੂੰ ਅਪਣੀ ਖ਼ਬਰ ’ਚ ਇਹ ਜਾਣਕਾਰੀ ਦਿਤੀ।
ਯੋਨਹਾਪ ਨੇ ਨੈਸ਼ਨਲ ਇੰਟੈਲੀਜੈਂਸ ਸਰਵਿਸ (ਐਨ.ਆਈ.ਐਸ.) ਦੇ ਹਵਾਲੇ ਨਾਲ ਦਸਿਆ ਕਿ ਉੱਤਰੀ ਕੋਰੀਆ ਦੇ ਫੌਜੀ ਪਹਿਲਾਂ ਹੀ ਰੂਸ ਦੀ ਮਦਦ ਲਈ ਰਵਾਨਾ ਹੋ ਚੁਕੇ ਹਨ। ਐਨ.ਆਈ.ਐਸ. ਨੇ ਤੁਰਤ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ।
ਹਾਲਾਂਕਿ, ਦਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਯੂਨ ਸੂਕ ਯੋਲ ਨੇ ਯੂਕਰੇਨ ਵਿਰੁਧ ਰੂਸ ਦੀ ਮਦਦ ਲਈ ਉੱਤਰੀ ਕੋਰੀਆ ਵਲੋਂ ਫੌਜ ਭੇਜਣ ਦੇ ਮੁੱਦੇ ’ਤੇ ਚਰਚਾ ਕਰਨ ਲਈ ਇਕ ਐਮਰਜੈਂਸੀ ਬੈਠਕ ਦੀ ਪ੍ਰਧਾਨਗੀ ਕੀਤੀ। ਦਫਤਰ ਦੇ ਲੋਕ ਸੰਪਰਕ ਵਿਭਾਗ ਨੇ ਤੁਰਤ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਦਖਣੀ ਕੋਰੀਆ ਨੇ ਉੱਤਰੀ ਕੋਰੀਆ ਵਲੋਂ ਫੌਜ ਭੇਜਣ ਦੀ ਰੀਪੋਰਟ ਨੂੰ ਪ੍ਰਮਾਣਿਤ ਕੀਤਾ ਹੈ ਜਾਂ ਨਹੀਂ।














