ਪੰਨੂੰ ਦੇ ਕਤਲ ਦੀ ਸਾਜ਼ਸ਼ ‘ਤੇ ਕੀਤੀ ਚਰਚਾ
ਅਮਰੀਕਾ ਦੇ ਪ੍ਰਮੁੱਖ ਉਪ-ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਫਿਨਰ ਨੇ ਸੋਮਵਾਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ ਅਤੇ ਕਈ ਦੁਵੱਲੇ ਅਤੇ ਆਲਮੀ ਮੁੱਦਿਆਂ ’ਤੇ ਚਰਚਾ ਕੀਤੀ। ਇਹ ਬੈਠਕ ਅਮਰੀਕਾ ’ਚ ਗਰਮਖ਼ਿਆਲੀ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜ਼ਸ਼ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ’ਚ ਅਮਰੀਕੀ ਵਕੀਲਾਂ ਵਲੋਂ ਇਕ ਭਾਰਤੀ ਨਾਗਰਿਕ ਵਿਰੁਧ ਅਦਾਲਤ ’ਚ ਦਾਇਰ ਕੇਸ ਦੇ ਪਿਛੋਕੜ ’ਚ ਹੋਈ ਹੈ।

ਮੰਨਿਆ ਜਾ ਰਿਹਾ ਹੈ ਕਿ ਜੈਸ਼ੰਕਰ ਅਤੇ ਫਿਨਰ ਵਿਚਾਲੇ ਬੈਠਕ ਦੌਰਾਨ ਇਹ ਮੁੱਦਾ ਚਰਚਾ ਲਈ ਆਇਆ ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਜੈਸ਼ੰਕਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਅੱਜ ਦੁਪਹਿਰ ਅਮਰੀਕਾ ਦੇ ਪ੍ਰਿੰਸੀਪਲ ਡਿਪਟੀ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਜੌਨ ਫਿਨਰ ਨਾਲ ਚੰਗੀ ਬੈਠਕ ਹੋਈ। ਵਿਸ਼ਵ ਵਿਆਪੀ ਸਥਿਤੀ ’ਤੇ ਵਿਚਾਰਾਂ ਦਾ ਲਾਭਦਾਇਕ ਅਦਾਨ-ਪ੍ਰਦਾਨ ਹੋਇਆ। ਵਿਚਾਰ ਵਟਾਂਦਰੇ ਸਾਡੇ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ ’ਤੇ ਕੇਂਦਰਤ ਸਨ।’’

ਭਾਰਤ ਨੇ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂੰ ਨੂੰ ਮਾਰਨ ਦੀ ਸਾਜ਼ਸ਼ ਰਚਣ ਦੇ ਦੋਸ਼ੀ ਵਿਅਕਤੀ ਨਾਲ ਇਕ ਭਾਰਤੀ ਅਧਿਕਾਰੀ ਨੂੰ ਜੋੜਨ ਦੇ ਅਮਰੀਕਾ ਦੇ ਫੈਸਲੇ ਨੂੰ ਚਿੰਤਾਜਨਕ ਦਸਿਆ ਹੈ। ਨਵੀਂ ਦਿੱਲੀ ਨੇ ਸਬੰਧਤ ਦੋਸ਼ਾਂ ਦੀ ਜਾਂਚ ਲਈ ਇਕ ਜਾਂਚ ਟੀਮ ਦਾ ਗਠਨ ਕੀਤਾ ਹੈ ਅਤੇ ਕਿਹਾ ਹੈ ਕਿ ਦੋਸ਼ਾਂ ਦੀ ਜਾਂਚ ਕਰ ਰਹੀ ਟੀਮ ਦੇ ਨਤੀਜਿਆਂ ਦੇ ਆਧਾਰ ’ਤੇ ਅਗਲੇ ਕਦਮ ਚੁੱਕੇ ਜਾਣਗੇ।

29 ਨਵੰਬਰ ਨੂੰ ਅਮਰੀਕੀ ਫੈਡਰਲ ਪ੍ਰੋਸੀਕਿਊਟਰਾਂ ਨੇ 52 ਸਾਲਾਂ ਦੇ ਨਿਖਿਲ ਗੁਪਤਾ ’ਤੇ ਪੰਨੂੰ ਨੂੰ ਮਾਰਨ ਦੀ ਸਾਜ਼ਸ਼ ਨੂੰ ਨਾਕਾਮ ਕਰਨ ਲਈ ਇਕ ਭਾਰਤੀ ਸਰਕਾਰੀ ਕਰਮਚਾਰੀ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ ਸੀ। ਵਕੀਲਾਂ ਨੇ ਮੈਨਹਟਨ ਦੀ ਅਦਾਲਤ ਨੂੰ ਦਸਿਆ ਕਿ ਚੈੱਕ ਗਣਰਾਜ ਦੇ ਅਧਿਕਾਰੀਆਂ ਨੇ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹ ਹਿਰਾਸਤ ਵਿਚ ਹੈ। ਸਿੱਖਸ ਫਾਰ ਜਸਟਿਸ ਆਗੂ ਪੰਨੂੰ ਅਤਿਵਾਦ ਦੇ ਵੱਖ-ਵੱਖ ਦੋਸ਼ਾਂ ’ਚ ਭਾਰਤੀ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ।

ਸੂਤਰਾਂ ਦੇ ਹਵਾਲੇ ਨਾਲ ‘ਫਾਈਨੈਂਸ਼ੀਅਲ ਟਾਈਮਜ਼’ ਨੇ ਪਿਛਲੇ ਮਹੀਨੇ ਸਭ ਤੋਂ ਪਹਿਲਾਂ ਖਬਰ ਦਿਤੀ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਪੰਨੂੰ ਨੂੰ ਮਾਰਨ ਦੀ ਸਾਜ਼ਸ਼ ਨੂੰ ਨਾਕਾਮ ਕਰ ਦਿਤਾ ਹੈ ਅਤੇ ਭਾਰਤ ਸਰਕਾਰ ਨੂੰ ਇਸ ਸਾਜ਼ਸ਼ ’ਚ ਸ਼ਾਮਲ ਹੋਣ ਦੀ ਚੇਤਾਵਨੀ ਦਿਤੀ ਸੀ। ਵਾਸ਼ਿੰਗਟਨ ਪੋਸਟ ਨੇ 29 ਨਵੰਬਰ ਨੂੰ ਕਿਹਾ ਸੀ ਕਿ ਇਸ ਸਾਜ਼ਸ਼ ਦਾ ਪਤਾ ਲੱਗਣ ਤੋਂ ਬਾਅਦ ਬਾਈਡੇਨ ਪ੍ਰਸ਼ਾਸਨ ਇੰਨਾ ਚਿੰਤਤ ਸੀ ਕਿ ਉਸ ਨੇ ਸੀ.ਆਈ.ਏ. ਦੇ ਡਾਇਰੈਕਟਰ ਵਿਲੀਅਮ ਜੇ. ਬਰਨਸ ਅਤੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਐਵਰਿਲ ਹੇਨਸ ਨੂੰ ਕ੍ਰਮਵਾਰ ਅਗੱਸਤ ਅਤੇ ਅਕਤੂਬਰ ’ਚ ਭਾਰਤ ਭੇਜਿਆ ਸੀ ਤਾਂ ਜੋ ਜਾਂਚ ਦੀ ਮੰਗ ਕੀਤੀ ਜਾ ਸਕੇ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪਿਛਲੇ ਹਫਤੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦਾ ਐਲਾਨ ਕਰਨ ਦੇ ਭਾਰਤ ਦੇ ਫੈਸਲੇ ਨੂੰ ‘ਚੰਗਾ ਅਤੇ ਉਚਿਤ’ ਕਰਾਰ ਦਿਤਾ ਸੀ।