ਪੈਰਿਸ ਓਲੰਪਿਕ 2024 ‘ਚ ਮਹਿਲਾਵਾਂ ਦੇ 50 ਕਿਲੋਗ੍ਰਾਮ ਕੁਸ਼ਤੀ ਦੇ ਸੋਨ ਤਗਮੇ ਦੇ ਮੈਚ ਤੋਂ ਠੀਕ ਪਹਿਲਾਂ 100 ਗ੍ਰਾਮ ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦਿੱਤੀ ਗਈ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅੱਜ ਸਵੇਰੇ ਦੇਸ਼ ਪਰਤ ਆਈ ਹੈ। ਵਿਨੇਸ਼ ਦਾ ਦਿੱਲੀ ਏਅਰਪੋਰਟ ਤੋਂ ਬਾਹਰ ਆਉਣ ਤੋਂ ਬਾਅਦ ਉੱਥੇ ਪਹੁੰਚੇ ਪ੍ਰਸ਼ੰਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਦੋਂ ਵਿਨੇਸ਼ ਨੂੰ ਗੋਲਡ ਮੈਡਲ ਮੈਚ ਤੋਂ ਠੀਕ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ ਤਾਂ ਭਾਰਤੀ ਓਲੰਪਿਕ ਸੰਘ ਨੇ ਇਸ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਇਸ ਮਾਮਲੇ ਨੂੰ ਲੈ ਕੇ ਵਿਨੇਸ਼ ਨੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਨੂੰ ਸਾਂਝਾ ਚਾਂਦੀ ਦਾ ਤਗਮਾ ਦੇਣ ਦੀ ਅਪੀਲ ਵੀ ਕੀਤੀ ਸੀ ਪਰ CAS ਨੇ 14 ਅਗਸਤ ਦੀ ਸ਼ਾਮ ਨੂੰ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ।
ਪੈਰਿਸ ਓਲੰਪਿਕ ‘ਚ ਹਿੱਸਾ ਲੈਣ ਤੋਂ ਬਾਅਦ ਵਿਨੇਸ਼ ਫੋਗਾਟ ਜਦੋਂ ਦੇਸ਼ ਪਰਤੀ ਤਾਂ ਉਹ ਭਾਵੁਕ ਹੋ ਗਈ, ਜਦਕਿ ਉਸ ਨੇ ਕਿਹਾ ਕਿ ਮੈਂ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਅਤੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ। ਵਿਨੇਸ਼ ਦਾ ਚੈਂਪੀਅਨ ਵਾਂਗ ਦੇਸ਼ ਪਰਤਣ ‘ਤੇ ਸਵਾਗਤ ਕੀਤਾ ਗਿਆ ਹੈ। ਦਿੱਲੀ ਏਅਰਪੋਰਟ ਦੇ ਬਾਹਰ ਵਿਨੇਸ਼ ਫੋਗਾਟ ਦਾ ਸਵਾਗਤ ਕਰਨ ਲਈ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਕਈ ਹੋਰ ਪਹਿਲਵਾਨ ਵੀ ਉੱਥੇ ਮੌਜੂਦ ਸਨ।ਇਸ ਤੋਂ ਇਲਾਵਾ ਵਿਨੇਸ਼ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਵਿਨੇਸ਼ ਦੇ ਭਰਾ ਹਰਿੰਦਰ ਪੂਨੀਆ ਵੀ ਸ਼ਾਮਲ ਸੀ, ਜਿਸ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ ਕੁਸ਼ਤੀ ਅਤੇ ਖੇਡ ਪ੍ਰੇਮੀ ਵਿਨੇਸ਼ ਦਾ ਹਵਾਈ ਅੱਡੇ ‘ਤੇ ਸਵਾਗਤ ਕਰਨ ਲਈ ਪਹੁੰਚੇ ਹਨ। ਇਸ ਤੋਂ ਇਲਾਵਾ ਵਿਨੇਸ਼ ਦੇ ਸਵਾਗਤ ਲਈ ਘਰ-ਘਰ ਵੀ ਤਿਆਰੀਆਂ ਚੱਲ ਰਹੀਆਂ ਹਨ। ਉਹ ਭਾਵੇਂ ਓਲੰਪਿਕ ਤਮਗਾ ਨਹੀਂ ਜਿੱਤ ਸਕੀ ਪਰ ਅਸੀਂ ਹੋਰ ਮਿਹਨਤ ਕਰਾਂਗੇ ਤਾਂ ਜੋ ਉਹ ਓਲੰਪਿਕ ਸੋਨ ਤਮਗਾ ਜਿੱਤ ਸਕੇ। ਤੁਹਾਨੂੰ ਦੱਸ ਦੇਈਏ ਕਿ ਗੋਲਡ ਮੈਡਲ ਮੈਚ ਤੋਂ ਠੀਕ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।