ਚੰਡੀਗੜ੍ਹ: ਮਹਿਲਾ ਭਲਵਾਨ ਵਿਨੇਸ਼ ਫੋਗਾਟ ਦੇ ਚਾਚਾ ਮਹਾਵੀਰ ਫੋਗਾਟ ਨੇ ਕਿਹਾ ਕਿ ਉਨ੍ਹਾਂ ਦੀ ਭਤੀਜੀ ਨੂੰ ਇਸ ਸਮੇਂ ਸਿਆਸਤ ’ਚ ਨਹੀਂ ਆਉਣਾ ਚਾਹੀਦਾ ਸੀ ਅਤੇ ਉਸ ਨੂੰ 2028 ਓਲੰਪਿਕ ਖੇਡਾਂ ’ਚ ਸੋਨ ਤਮਗਾ ਜਿੱਤਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ।

ਉਨ੍ਹਾਂ ਦੀ ਇਹ ਟਿਪਣੀ ਕਾਂਗਰਸ ਵਲੋਂ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵਿਨੇਸ਼ ਨੂੰ ਜੁਲਾਨਾ ਤੋਂ ਅਪਣਾ ਉਮੀਦਵਾਰ ਐਲਾਨੇ ਜਾਣ ਦੇ ਇਕ ਦਿਨ ਬਾਅਦ ਆਈ ਹੈ।ਮਹਾਵੀਰ ਨੇ ਭਰੋਸਾ ਪ੍ਰਗਟਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਹਰਿਆਣਾ ’ਚ ਲਗਾਤਾਰ ਤੀਜੀ ਵਾਰ ਸੱਤਾ ’ਚ ਆਵੇਗੀ। ਉਨ੍ਹਾਂ ਦੀ ਧੀ ਅਤੇ ਓਲੰਪੀਅਨ ਬਬੀਤਾ ਫੋਗਾਟ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਈ ਸੀ।

ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਬਬੀਤਾ ਨੇ ਦਾਦਰੀ ਤੋਂ 2019 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਉਹ ਹਾਰ ਗਈ ਸੀ। ਵਿਨੇਸ਼ ਦੇ ਕਾਂਗਰਸ ’ਚ ਸ਼ਾਮਲ ਹੋਣ ਬਾਰੇ ਪੁੱਛੇ ਜਾਣ ’ਤੇ ਦ੍ਰੋਣਾਚਾਰੀਆ ਪੁਰਸਕਾਰ ਜੇਤੂ ਮਹਾਵੀਰ ਨੇ ਕਿਹਾ, ‘‘ਇਹ ਉਨ੍ਹਾਂ ਦਾ ਫੈਸਲਾ ਹੈ। ਅੱਜ-ਕੱਲ੍ਹ ਬੱਚੇ ਅਪਣੇ ਫੈਸਲੇ ਖੁਦ ਲੈਂਦੇ ਹਨ।’’

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਹਾਲ ਹੀ ’ਚ ਵਿਨੇਸ਼ ਨਾਲ ਗੱਲ ਕੀਤੀ ਸੀ ਤਾਂ ਵਿਨੇਸ਼ ਦਾ ਸਿਆਸਤ ’ਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਸੀ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਵਿਰੁਧ ਪਿਛਲੇ ਸਾਲ ਭਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਵਿਨੇਸ਼ ਅਤੇ ਓਲੰਪੀਅਨ ਭਲਵਾਨ ਬਜਰੰਗ ਪੂਨੀਆ ਸ਼ੁਕਰਵਾਰ ਨੂੰ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ।

ਮਹਾਵੀਰ ਨੇ ਕਿਹਾ, ‘‘ਮੇਰੀ ਇੱਛਾ ਇਹ ਸੀ ਕਿ ਉਹ ਖੇਡ ’ਤੇ ਧਿਆਨ ਕੇਂਦਰਿਤ ਕਰੇ ਅਤੇ 2028 ਓਲੰਪਿਕ ਖੇਡਾਂ ’ਚ ਸੋਨ ਤਮਗਾ ਜਿੱਤੇ। ਮੈਨੂੰ ਲਗਦਾ ਹੈ ਕਿ ਅਜੇ ਉਸ ਨੂੰ ਸਿਆਸਤ ’ਚ ਦਾਖਲ ਨਹੀਂ ਹੋਣਾ ਚਾਹੀਦਾ ਸੀ। ਮੈਂ ਚਾਹੁੰਦਾ ਹਾਂ ਕਿ ਉਹ ਕੁਸ਼ਤੀ ਜਾਰੀ ਰੱਖੇ।’’

ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਦੀ ਭਤੀਜੀ ਨੇ ਸਿਆਸਤ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕੀਤਾ ਸੀ, ਮਹਾਵੀਰ ਨੇ ਕਿਹਾ, ‘‘ਇਸ ਬਾਰੇ ਕੋਈ ਗੱਲ ਨਹੀਂ ਹੋਈ। ਜੇ ਉਹ ਅਜਿਹਾ ਕਰਦੀ ਤਾਂ ਮੈਂ ਉਸ ਨੂੰ ਸਿਆਸਤ ਵਿਚ ਸ਼ਾਮਲ ਨਾ ਹੋਣ ਦੀ ਸਲਾਹ ਦਿੰਦਾ। ਪਰ ਅੱਜ-ਕੱਲ੍ਹ ਬੱਚੇ ਅਪਣੇ ਫੈਸਲੇ ਖੁਦ ਲੈਂਦੇ ਹਨ।’’ ਹਰਿਆਣਾ ’ਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੇ ਕਾਂਗਰਸ ਦੇ ਦਾਅਵੇ ’ਤੇ ਉਨ੍ਹਾਂ ਕਿਹਾ, ‘‘ਤੁਸੀਂ ਦੇਖੋਗੇ ਕਿ 8 ਅਕਤੂਬਰ ਨੂੰ ਨਤੀਜੇ ਕਦੋਂ ਆਉਣਗੇ। ਭਾਜਪਾ ਸੱਤਾ ’ਚ ਵਾਪਸ ਆਵੇਗੀ।’’