ਯੂਕੇ ਤੋਂ ਡਿਪੋਰਟ ਕੀਤੇ ਗਏ ਪੰਜਾਬੀਆਂ ਦੇ ਮਾਮਲੇ ਵਿੱਚ ਇੱਕ ਗੈਰ-ਕਾਨੂੰਨੀ ਟਰੈਵਲ ਏਜੰਟ ਖਿਲਾਫ ਪਹਿਲੀ ਐਫਆਈਆਰ ਦਰਜ ਕੀਤੀ ਗਈ ਹੈ। ਅਮਰੀਕਾ ਤੋਂ ਪਰਤੇ ਨੌਜਵਾਨ ਦਲੇਰ ਸਿੰਘ ਦੀ ਸ਼ਿਕਾਇਤ ‘ਤੇ ਅੰਮ੍ਰਿਤਸਰ ਪੁਲਿਸ ਨੇ ਇੱਕ ਗੈਰ-ਕਾਨੂੰਨੀ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਹੈ। ਏਜੰਟ ਨੇ ਇਸ ਨੌਜਵਾਨ ਤੋਂ 60 ਲੱਖ ਰੁਪਏ ਲਏ ਸਨ।
ਮਿਨੀ ਬੱਸ ਚਲਾਉਣ ਵਾਲੇ ਅੰਮ੍ਰਿਤਸਰ ਦੇ ਪਿੰਡ ਸਲੇਮਪੁਰ ਦਾ ਦਲੇਰ ਸਿੰਘ ਨੇੜਲੇ ਪਿੰਡ ਕੋਟਲੀ ਵਾਸੀ ਸਤਨਾਮ ਸਿੰਘ ਦੇ ਏਜੰਟ ਦੇ ਜਾਲ ਵਿੱਚ ਫਸ ਕੇ ਅਮਰੀਕਾ ਚਲਾ ਗਿਆ ਸੀ। ਉਸ ਨੇ ਅਮਰੀਕਾ ਜਾਣ ਲਈ 60 ਲੱਖ ਰੁਪਏ ਦਿੱਤੇ ਸਨ, ਜਦੋਂ ਕਿ ਸੌਦਾ 45 ਲੱਖ ਰੁਪਏ ਵਿਚ ਹੋਇਆ ਸੀ। ਏਜੰਟ ਨੇ ਉਸ ਨੂੰ ਬ੍ਰਾਜ਼ੀਲ ਵਿਚ ਅਗਵਾ ਕਰਵਾ ਦਿੱਤਾ ਅਤੇ ਪਰਿਵਾਰ ਅੱਗੇ 15 ਲੱਖ ਰੁਪਏ ਦੀ ਮੰਗ ਰੱਖੀ।
ਏਜੰਟ ਨੇ ਉਸ ਦੀ ਪਤਨੀ ਚਰਨਜੀਤ ਕੌਰ ਨੂੰ ਫੋਨ ਕਰਕੇ ਕਿਹਾ ਕਿ 15 ਲੱਖ ਰੁਪਏ ਹੋਰ ਭੇਜ ਦਿਓ ਤਾਂ ਹੀ ਉਸ ਦਾ ਪਤੀ ਅਮਰੀਕਾ ਜਾ ਸਕੇਗਾ। ਫਿਰ ਕੀ ਸੀ ਕਿ ਪਤਨੀ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਪੈਸੇ ਏਜੰਟ ਨੂੰ ਭੇਜ ਦਿੱਤੇ। ਪੈਸੇ ਦੇਣ ਦੇ ਬਾਵਜੂਦ ਦਲੇਰ ਸਿੰਘ ਕਈ ਤਸੀਹੇ ਝੱਲ ਕੇ ਅਮਰੀਕਾ ਪਹੁੰਚ ਗਿਆ। ਉੱਥੇ ਜਾ ਕੇ ਉਸਨੂੰ ਉਮੀਦ ਸੀ ਕਿ ਹੁਣ ਉਸ ਦਾ ਮਾੜਾ ਬੁਰਾ ਸਮਾਂ ਖਤਮ ਹੋ ਗਿਆ ਹੈ ਅਤੇ ਉਹ ਕੰਮ ਕਰ ਸਕੇਗਾ ਅਤੇ ਆਪਣਾ ਸਾਰਾ ਕਰਜ਼ਾ ਲਾ ਸਕੇਗਾ।
ਦਲੇਰ ਸਿੰਘ ਨੇ ਦੱਸਿਆ ਕਿ ਮੈਕਸੀਕੋ ਰਾਹੀਂ ਤੇਜਵਾਨਾ ਸਰਹੱਦ ‘ਤੇ ਪਹੁੰਚਿਆ ਅਤੇ ਉਥੋਂ ਉਹ ਅਮਰੀਕਾ ‘ਚ ਦਾਖਲ ਹੋਇਆ। ਇਹ 20 ਦਿਨ ਉਸ ਦੇ ਸਭ ਤੋਂ ਖਤਰਨਾਕ ਦਿਨਾਂ ਵਿੱਚੋਂ ਸਨ। ਖਾਣਾ ਵੀ ਬੜੀ ਮੁਸ਼ਕਲ ਨਾਲ ਮਿਲਦਾ ਸੀ। ਪਨਾਮਾ ਦੇ ਜੰਗਲਾਂ ਵਿੱਚ ਕਈ ਦਿਨ ਬਿਨਾਂ ਖਾਧੇ ਬਿਤਾਉਣੇ ਪਏ। ਕਈ ਵਾਰ ਤਾਂ ਪਾਣੀ ਵੀ ਨਹੀਂ ਮਿਲਦਾ ਸੀ।
ਮੰਤਰੀ ਨੇ ਏਜੰਟ ਖਿਲਾਫ ਦਿੱਤੇ ਕਾਰਵਾਈ ਦੇ ਹੁਕਮ
ਦਲੇਰ ਸਿੰਘ ਨੂੰ ਮਿਲਣ ਗਏ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਕੋਟਲੀ ਦੇ ਏਜੰਟ ਸਤਨਾਮ ਸਿੰਘ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਡੀਐਸਪੀ ਇੰਦਰਜੀਤ ਸਿੰਘ ਨੂੰ ਪੀੜਤ ਦੇ ਬਿਆਨ ਦਰਜ ਕਰਕੇ ਏਜੰਟ ਸਤਨਾਮ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਸ ਖ਼ਿਲਾਫ਼ ਕੇਸ ਦਰਜ ਕਰਕੇ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਏਜੰਟਾਂ ਖਿਲਾਫ ਸਖਤ ਕਾਰਵਾਈ ਕਰੇਗੀ।