ਮ੍ਰਿਤਕਾਂ ਦੀ ਪਛਾਣ ਹਿਤੇਸ਼ਭਾਈ ਸੁਥਾਰ, ਪਤਨੀ ਹਿਨਾਬੇਨ ਸੁਥਾਰ ਤੇ ਉਨ੍ਹਾਂ ਦੀ 20 ਸਾਲਾ ਧੀ ਈਸ਼ਾਨੀ ਵਜੋਂ ਹੋਈ

ਵਾਸ਼ਿੰਗਟਨ: ਅਮਰੀਕਾ ਦੇ ਓਹੀਓ ਰਾਜ ਦੇ ਇਕ ਹੋਟਲ (ਇਕੋਨੋ ਲਾਜ) ’ਚ ਭਿਆਨਕ ਅੱਗ ਲੱਗਣ ਨਾਲ ਇਕ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਿਤੇਸ਼ਭਾਈ ਸੁਥਾਰ, ਪਤਨੀ ਹਿਨਾਬੇਨ ਸੁਥਾਰ ਤੇ ਉਨ੍ਹਾਂ ਦੀ 20 ਸਾਲਾ ਧੀ ਈਸ਼ਾਨੀ ਵਜੋਂ ਹੋਈ ਹੈ। ਇਹ ਪਰਿਵਾਰ ਮੂਲ ਰੂਪ ਵਿਚ ਗੁਜਰਾਤ ਦੇ ਨਾਡੀਆਦ ਦਾ ਰਹਿਣ ਵਾਲਾ ਸੀ ਤੇ ਲਗਭਗ ਦੋ ਸਾਲ ਪਹਿਲਾਂ ਅਮਰੀਕਾ ਦੇ ਵੂਸਟਰ ਵਿਚ ਵੱਸ ਗਿਆ ਸੀ।

ਹਿਤੇਸ਼ਭਾਈ ਸਥਾਨਕ ਈਕੋਨੋ ਲਾਜ ਮੋਟਲ ਵਿਚ ਕੰਮ ਕਰਦਾ ਸੀ ਤੇ ਪਰਿਵਾਰ ਉੱਥੇ ਹੀ ਰਹਿ ਰਿਹਾ ਸੀ। ਰਿਪੋਰਟਾਂ ਅਨੁਸਾਰ ਅੱਗ ਲਗਭਗ 1:30 ਵਜੇ ਲੱਗੀ। ਅੱਗ ਫੈਲਣ ਤੋਂ ਬਾਅਦ ਪਰਿਵਾਰ ਨੇ ਮਦਦ ਲਈ ਮੋਟਲ ਦੇ ਫ਼ਰੰਟ ਡੈਸਕ ਨੂੰ ਬੁਲਾਇਆ। ਉਨ੍ਹਾਂ ਨੂੰ ਬਾਥਰੂਮ ਜਾਣ, ਪਾਣੀ ਚਾਲੂ ਕਰਨ ਅਤੇ ਸੁਰੱਖਿਅਤ ਰਹਿਣ ਦੀ ਸਲਾਹ ਦਿਤੀ ਗਈ।

ਪਰਿਵਾਰ ਨੇ ਅਪਣੇ ਆਪ ਨੂੰ ਬਾਥਰੂਮ ਵਿਚ ਬੰਦ ਕਰ ਲਿਆ ਪਰ ਅੱਗ ਅਤੇ ਧੂੰਏਂ ਕਾਰਨ ਦਮ ਘੁੱਟ ਗਿਆ। ਜਦੋਂ ਤਕ ਫ਼ਾਇਰਫ਼ਾਈਟਰ ਪਹੁੰਚੇ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਿੰਨਾਂ ਦੀ ਮੌਤ ਹੋ ਗਈ ਸੀ। ਸਥਾਨਕ ਅਧਿਕਾਰੀਆਂ ਦੇ ਅਨੁਸਾਰ ਫ਼ਾਇਰ ਵਿਭਾਗ ਨੇ ਫਸੇ ਹੋਏ ਲੋਕਾਂ ਤੱਕ ਪਹੁੰਚਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ।

ਬਾਅਦ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਘਟਨਾ ਵਿਚ ਕੋਈ ਹੋਰ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦੀ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਏਜੰਸੀਆਂ ਘਟਨਾ ਦੀ ਵਿਸਥਾਰਤ ਜਾਂਚ ਕਰ ਰਹੀਆਂ ਹਨ।