ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਰਤੀਭਾਨਪੁਰ ਵਿੱਚ ਸਤਿਸੰਗ ਦੌਰਾਨ ਭਗਦੜ ਮਚ ਗਈ। ਭਗਦੜ ਕਾਰਨ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ ਅਤੇ ਕਈ ਜ਼ਖਮੀ ਹਨ। ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ।

ਮੁੱਖ ਮੰਤਰੀ ਨੇ ਦਿੱਤੇ ਘਟਨਾ ਦੀ ਜਾਂਚ ਦੇ ਨਿਰਦੇਸ਼
ਇਸ ਘਟਨਾ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਦਫ਼ਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਜਾਵੇ ਅਤੇ ਮੌਕੇ ‘ਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਏਡੀਜੀ ਆਗਰਾ ਅਤੇ ਕਮਿਸ਼ਨਰ ਅਲੀਗੜ੍ਹ ਦੀ ਅਗਵਾਈ ਵਿੱਚ ਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪ੍ਰਸ਼ਾਸਨ ਦੀ ਕਮਜ਼ੋਰੀ ਕਾਰਨ ਵਾਪਰਿਆ ਹਾਦਸਾ : ਪ੍ਰਬੰਧਕ
ਸਤਿਸੰਗ ਦੀ ਪ੍ਰਬੰਧਕੀ ਕਮੇਟੀ ਨਾਲ ਜੁੜੇ ਮਹੇਸ਼ ਚੰਦਰ ਨੇ ਦੱਸਿਆ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਪ੍ਰੋਗਰਾਮ ਕਰਵਾਇਆ ਸੀ | ਪ੍ਰੋਗਰਾਮ ਵਿੱਚ ਇੱਕ ਲੱਖ ਤੋਂ ਵੱਧ ਸ਼ਰਧਾਲੂ ਮੌਜੂਦ ਸਨ। ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਭਗਦੜ ਮੱਚ ਗਈ। ਇਹ ਹਾਦਸਾ ਪ੍ਰਸ਼ਾਸਨ ਦੀ ਕਮਜ਼ੋਰੀ ਕਾਰਨ ਵਾਪਰਿਆ ਹੈ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਲੋਕ ਇੱਕ ਤੋਂ ਬਾਅਦ ਇੱਕ ਚਿੱਕੜ ਵਿੱਚ ਡਿੱਗਦੇ ਰਹੇ, ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਮੈਂ ਭੰਡਾਰੇ ਦਾ ਕੰਮ ਦੇਖ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ 13 ਸਾਲਾਂ ਬਾਅਦ ਹਾਥਰਸ ਵਿੱਚ ਹੋਇਆ ਹੈ। ਸਾਡੇ ਕੋਲ 3 ਘੰਟੇ ਦੀ ਇਜਾਜ਼ਤ ਸੀ। ਇਹ ਘਟਨਾ ਦੁਪਹਿਰ 1.30 ਵਜੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵਾਪਰੀ। ਪ੍ਰੋਗਰਾਮ ਵਿੱਚ ਅਣਗਿਣਤ ਸ਼ਰਧਾਲੂਆਂ ਦੀ ਹਾਜ਼ਰੀ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਸੀ। ਜਿੱਥੇ ਪ੍ਰਬੰਧ ਕੀਤੇ ਹੋਏ ਸਨ, ਉੱਥੇ ਭਾਰੀ ਭੀੜ ਸੀ। ਪ੍ਰੋਗਰਾਮ ਵਿੱਚ 12 ਤੋਂ ਸਾਢੇ 12 ਹਜ਼ਾਰ ਸੇਵਾਦਾਰ ਸਨ। ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਉਹ ਇਕੱਠੇ ਭੱਜਣ ਲੱਗੇ ਅਤੇ ਭਗਦੜ ਮੱਚ ਗਈ। ਬਰਸਾਤ ਦੇ ਮੌਸਮ ਦੌਰਾਨ ਚਿੱਕੜ ਕਾਰਨ ਲੋਕ ਇੱਕ ਦੂਜੇ ‘ਤੇ ਡਿੱਗਣ ਲੱਗੇ।