ਯੂਨਾਈਟਿਡ ਕਿੰਗਡਮ (ਯੂ.ਕੇ.) ਦੇ ਲੀਡਜ਼ ਸ਼ਹਿਰ ਵਿੱਚ ਬੀਤੀ ਰਾਤ ਭਾਰੀ ਦੰਗੇ ਹੋਏ। ਸ਼ਹਿਰ ਦੇ ਮੱਧ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਹੰਗਾਮਾ ਕੀਤਾ। ਇਨ੍ਹਾਂ ਲੋਕਾਂ ਨੇ ਇਕ ਬੱਸ ਨੂੰ ਅੱਗ ਲਗਾ ਦਿੱਤੀ। ਪੁਲਿਸ ਦੀਆਂ ਗੱਡੀਆਂ ‘ਤੇ ਵੀ ਹਮਲਾ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਘਟਨਾ ਦੀ ਵੀਡੀਓ ‘ਚ ਦੰਗਾਕਾਰੀਆਂ ਦੀ ਭੀੜ ‘ਚ ਬੱਚੇ ਵੀ ਦੇਖੇ ਜਾ ਸਕਦੇ ਹਨ।
ਇਨ੍ਹਾਂ ਦੰਗਿਆਂ ਦਾ ਕਾਰਨ ਸਥਾਨਕ ਚਾਈਲਡ ਕੇਅਰ ਏਜੰਸੀ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਕੇ ਬਾਲ ਸੰਭਾਲ ਘਰਾਂ ਵਿੱਚ ਰੱਖਣਾ ਦੱਸਿਆ ਜਾਂਦਾ ਹੈ। ਇਸ ਦੇ ਵਿਰੋਧ ‘ਚ ਲੋਕ ਸੜਕਾਂ ‘ਤੇ ਉਤਰ ਆਏ ਹਨ। ਵੈਸਟ ਯੌਰਕਸ਼ਾਇਰ ਪੁਲਿਸ ਦਾ ਕਹਿਣਾ ਹੈ ਕਿ ਲੀਡਸ ਦੇ ਹੇਰੇਹਿਲਸ ਇਲਾਕੇ ਦੀ ਲਕਸੋਰ ਸਟਰੀਟ ‘ਤੇ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਇਨ੍ਹਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਸਨ। ਜਲਦੀ ਹੀ ਭੀੜ ਗੁੱਸੇ ਵਿਚ ਆ ਗਈ ਅਤੇ ਕੁਝ ਹੀ ਸਮੇਂ ਵਿਚ ਦੰਗਾ ਹੋ ਗਿਆ। ਹਾਲਾਂਕਿ ਇਸ ਹਮਲੇ ‘ਚ ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ‘ਚ ਲੋਕ ਪੁਲਿਸ ਦੀ ਕਾਰ ‘ਤੇ ਹਮਲਾ ਕਰ ਰਹੇ ਹਨ। ਭੀੜ ਪੁਲਿਸ ਵੈਨ ਨੂੰ ਪਲਟਦੀ ਨਜ਼ਰ ਆ ਰਹੀ ਹੈ ਪਰ ਇਸ ਤੋਂ ਪਹਿਲਾਂ ਇਸ ਦੀਆਂ ਖਿੜਕੀਆਂ ਤੋੜੀਆਂ ਜਾ ਰਹੀਆਂ ਹਨ। ਵੀਡੀਓ ‘ਚ ਇਕ ਵਿਅਕਤੀ ਬੱਸ ਨੂੰ ਅੱਗ ਲਗਾਉਂਦੇ ਹੋਏ ਦਿਖਾਈ ਦੇ ਰਿਹਾ ਹੈ ਜਦਕਿ ਕੁਝ ਲੋਕ ਕੂੜਾ ਸੁੱਟ ਰਹੇ ਹਨ। ਇਕ ਹੋਰ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਇਕ ਵੱਡਾ ਫਰੀਜ਼ਰ ਲਿਆ ਕੇ ਸੜਕ ‘ਤੇ ਲੱਗੀ ਅੱਗ ‘ਚ ਸੁੱਟ ਰਹੇ ਹਨ। ਇਨ੍ਹਾਂ ਦੰਗਿਆਂ ਕਾਰਨ ਕਈ ਸੜਕਾਂ ਜਾਮ ਹੋ ਗਈਆਂ ਅਤੇ ਲੋਕਾਂ ਨੂੰ ਹਾਲਾਤ ਕਾਬੂ ਹੋਣ ਤੱਕ ਇਸ ਇਲਾਕੇ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।