ਵੇਨੇਜ਼ੁਏਲਾ ਵਿੱਚ ਬੁੱਧਵਾਰ (24 ਜੂਨ) ਸ਼ਾਮ ਲਗਭਗ 45 ਸਕਿੰਟਾਂ ਦੇ ਅੰਦਰ ਦੋ ਤਾਕਤਵਰ ਭੂਚਾਲ ਆਉਣ ਕਾਰਨ ਕਈ ਇਲਾਕਿਆਂ ਵਿੱਚ ਦਹਿਸ਼ਤ ਫੈਲ ਗਈ। ਅਮਰੀਕੀ ਭੂ-ਵਿਗਿਆਨ ਸਰਵੇ ਮੁਤਾਬਕ ਪਹਿਲਾ ਭੂਚਾਲ 7.1 ਤੀਬਰਤਾ ਦਾ ਸੀ, ਜਦਕਿ ਕੁਝ ਹੀ ਸਕਿੰਟਾਂ ਬਾਅਦ 7.5 ਤੀਬਰਤਾ ਦਾ ਦੂਜਾ ਝਟਕਾ ਮਹਿਸੂਸ ਕੀਤਾ ਗਿਆ। ਇਨ੍ਹਾਂ ਤਾਕਤਵਰ ਭੂਚਾਲਾਂ ਤੋਂ ਬਾਅਦ ਵੱਡੇ ਨੁਕਸਾਨ ਦੀ ਸੰਭਾਵਨਾ ਜਤਾਈ ਗਈ ਹੈ।
ਭੂਚਾਲ ਦਾ ਸਭ ਤੋਂ ਵੱਧ ਅਸਰ ਦੇਸ਼ ਦੀ ਰਾਜਧਾਨੀ ਕਾਰਾਕਾਸ ਵਿੱਚ ਵੇਖਿਆ ਗਿਆ। ਜਿਵੇਂ ਹੀ ਧਰਤੀ ਕੰਬਣੀ ਸ਼ੁਰੂ ਹੋਈ, ਲੋਕ ਘਬਰਾਹਟ ਵਿੱਚ ਆਪਣੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲ ਆਏ। ਕਈ ਇਲਾਕਿਆਂ ਵਿੱਚ ਹੜਕੰਪ ਮਚ ਗਿਆ ਅਤੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਇਮਾਰਤਾਂ ਡਿੱਗਣ ਦੀਆਂ ਖਬਰਾਂ ਸਾਹਮਣੇ ਆਈਆਂ।
ਜਿੱਥੇ ਆਮ ਦਿਨਾਂ ਵਿੱਚ ਭੀੜ-ਭਾੜ ਅਤੇ ਰੌਣਕ ਰਹਿੰਦੀ ਸੀ, ਉੱਥੇ ਭੂਚਾਲ ਤੋਂ ਬਾਅਦ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ। ਕਈ ਥਾਵਾਂ ‘ਤੇ ਇਮਾਰਤਾਂ ਮਲਬੇ ਵਿੱਚ ਤਬਦੀਲ ਹੋ ਗਈਆਂ। ਹਾਲਾਂਕਿ ਅਜੇ ਤੱਕ ਜ਼ਖਮੀਆਂ ਜਾ ਹੋਰ ਨੁਕਸੲਨ ਬਾਰੇ ਅਧਿਕਾਰਿਤ ਅੰਕੜੇ ਜਾਰੀ ਨਹੀਂ ਕੀਤੇ ਗਏ, ਪਰ ਵੱਡੇ ਜਾਨੀ ਨੁਕਸਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਗ੍ਰਹਿ ਮੰਤਰੀ ਡਿਓਸਡਾਡੋ ਕੈਬੇਲੋ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਕਈ ਸੂਬਿਆਂ ਵਿੱਚ ਮਹਿਸੂਸ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਕਾਰਾਕਾਸ ਦੇ ਅਲਤਾਮਿਰਾ ਇਲਾਕੇ ਵਿੱਚ ਘਰਾਂ ਅਤੇ ਇਮਾਰਤਾਂ ਦੇ ਨੁਕਸਾਨ ਕਾਰਨ ਹਾਲਾਤ ਚਿੰਤਾਜਨਕ ਹਨ। ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਅਪੀਲ ਕੀਤੀ, ਕਿਉਂਕਿ ਬਾਅਦ ਦੇ ਝਟਕੇ ਹੋਰ ਨੁਕਸਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਲਗਾਤਾਰ ਕੰਮ ਕਰ ਰਹੀ ਹੈ।
ਭੂ-ਵਿਗਿਆਨ ਸਰਵੇ ਅਨੁਸਾਰ ਪਹਿਲੇ ਭੂਚਾਲ ਦਾ ਕੇਂਦਰ ਕੈਰੇਬੀਆਈ ਤਟ ‘ਤੇ ਸਥਿਤ ਮੋਰੋਨ ਬਸਤੀ ਦੇ ਪੱਛਮ ਵੱਲ ਸੀ ਅਤੇ ਇਸ ਦੀ ਗਹਿਰਾਈ 13 ਕਿਲੋਮੀਟਰ ਦਰਜ ਕੀਤੀ ਗਈ। ਦੂਜੇ ਭੂਚਾਲ ਦਾ ਕੇਂਦਰ ਮੋਰੋਨ ਤੋਂ ਦੱਖਣ-ਪੱਛਮ ਵੱਲ ਸੀ ਅਤੇ ਇਸ ਦੀ ਗਹਿਰਾਈ 10 ਕਿਲੋਮੀਟਰ ਦੱਸੀ ਗਈ। ਇਹ ਭੂਚਾਲ ਪਿਛਲੀ ਇੱਕ ਸਦੀ ਦੇ ਸਭ ਤੋਂ ਤਾਕਤਵਰ ਭੂਚਾਲਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ।
ਭੂਚਾਲ ਤੋਂ ਬਾਅਦ ਕਾਰਾਕਾਸ ਦੇ ਚਾਕਾਓ ਨਗਰ ਖੇਤਰ ਵਿੱਚ ਚਾਰ ਇਮਾਰਤਾਂ ਡਿੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਗੁਆਇਰਾ ਵਿੱਚ ਸਥਿਤ ਹੋਟਲ ਐਡੁਆਰਡ ਦੀ ਇਮਾਰਤ ਵੀ ਪੂਰੀ ਤਰ੍ਹਾਂ ਢਹਿ ਗਈ। ਤਬਾਹੀ ਤੋਂ ਬਾਅਦ ਦੇਸ਼ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰੀਗੇਜ਼ ਵੱਲੋਂ ਦੇਸ਼ ਨੂੰ ਸੰਬੋਧਨ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ।














