ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੇ ਸੂਬਾ ਇੰਚਾਰਜ ਭੂਪੇਸ਼ ਬਘੇਲ ਵਿਚਾਲੇ ਅੱਜ ਦੋ ਘੰਟੇ ਬੈਠਕ ਚੱਲੀ। ਬੈਠਕ ਤੋਂ ਬਾਅਦ ਬਘੇਲ ਨੇ ਕਿਹਾ ਕਿ ਜਿਨ੍ਹਾਂ ਸਾਥੀਆਂ ਨੇ ਆਪਣੀ ਗੱਲ ਰੱਖੀ ਹੈ, ਮੈਂ ਉਸ ਦੀ ਰਿਪੋਰਟ ਹਾਈਕਮਾਂਡ ਨੂੰ ਦੇ ਦੇਵਾਂਗਾ। ਉਨ੍ਹਾਂ ਨੇ ਫਿਰ ਦੁਹਰਾਇਆ ਕਿ ਹਾਈਕਮਾਂਡ ਦੇ ਫੈਸਲੇ ਤੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ।

ਭੂਪੇਸ਼ ਬਘੇਲ ਨੇ ਕਿਹਾ- “ਮੇਰੀ ਸਾਰੇ ਸਾਥੀਆਂ ਨਾਲ ਗੱਲ ਹੋਈ, ਮੁਲਾਕਾਤ ਹੋਈ। ਉਨ੍ਹਾਂ ਨੇ ਆਪਣੀ ਗੱਲ ਰੱਖੀ ਹੈ। ਜੋ ਪਾਰਟੀ ਹਾਈਕਮਾਂਡ ਦਾ ਫੈਸਲਾ ਹੈ, ਉਸ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਕੁਝ ਗੱਲਾਂ ਹਨ, ਜਿਨ੍ਹਾਂ ਨੂੰ ਸਾਡੇ ਸਾਥੀਆਂ ਨੇ ਰੱਖਿਆ ਹੈ।”ਬਘੇਲ ਨੇ ਅੱਗੇ ਕਿਹਾ- “ਮੈਂ ਸਾਰੇ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਮੈਂ ਇੰਚਾਰਜ ਹੋਣ ਦੇ ਨਾਤੇ ਸਾਰਿਆਂ ਦੇ ਹਿੱਤਾਂ ਦਾ ਧਿਆਨ ਰੱਖਾਂਗਾ। ਜੋ ਜਿੱਤਣ ਯੋਗ ਹੈ, ਉਸ ਨੂੰ ਟਿਕਟ ਜ਼ਰੂਰ ਮਿਲੇਗੀ। ਕੋਈ ਵੀ ਇਹ ਨਾ ਸੋਚੇ ਕਿ ਉਸ ਦੇ ਸਿਰ ‘ਤੇ ਕਿਸੇ ਦਾ ਹੱਥ ਨਹੀਂ ਹੈ। ਮੈਂ ਆਪਣੀ ਪੂਰੀ ਰਿਪੋਰਟ ਹਾਈਕਮਾਂਡ ਨੂੰ ਦੇਵਾਂਗਾ।” ਮੀਟਿੰਗ ਤੋਂ ਬਾਅਦ ਬਘੇਲ ਰਾਏਪੁਰ ਲਈ ਰਵਾਨਾ ਹੋ ਗਏ।

ਦੂਜੇ ਪਾਸੇ, ਬੈਠਕ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਨੂੰ ਪੰਜਾਬ ਵਿੱਚ ਡਟ ਕੇ ਲੜਨਾ ਹੈ, ਇਸ ਲਈ ਸਾਨੂੰ ਵਿਰੋਧੀ ਪਾਰਟੀਆਂ ਨਾਲ ਸਮਝੌਤਾ ਕਰਨ ਵਾਲੇ ਲੀਡਰ ਨਹੀਂ ਚਾਹੀਦੇ। ਉੱਥੇ ਹੀ ਬੈਠਕ ਤੋਂ ਪਹਿਲਾਂ ਚੰਨੀ ਨੇ ਕਿਹਾ ਸੀ ਕਿ ‘ਤੇਲ ਦੇਖਾਂਗੇ ਤੇ ਤੇਲ ਦੀ ਧਾਰ, ਫਿਰ ਅਗਲਾ ਫੈਸਲਾ ਲਵਾਂਗੇ।’

ਦੱਸ ਦਈਏ ਕਿ ਮੀਟਿੰਗ ਦਾ ਸਮਾਂ ਸਵੇਰੇ 11 ਵਜੇ ਤੈਅ ਕੀਤਾ ਗਿਆ ਸੀ, ਪਰ ਭੂਪੇਸ਼ ਬਘੇਲ ਕਰੀਬ ਸਵਾ ਘੰਟੇ ਦੀ ਦੇਰੀ ਨਾਲ ਪਹੁੰਚੇ ਸਨ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਉਹ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਰਵਾਨਾ ਹੋਏ। ਡਰਾਈਵਰ ਸੀਟ ‘ਤੇ ਰਾਜਾ ਵੜਿੰਗ, ਜਦੋਂ ਕਿ ਉਨ੍ਹਾਂ ਦੇ ਨਾਲ ਵਾਲੀ ਸੀਟ ‘ਤੇ ਭੂਪੇਸ਼ ਬਘੇਲ ਬੈਠੇ ਨਜ਼ਰ ਆਏ। ਹੁਣ ਦੇਖਣਾ ਹੋਵੇਗਾ ਕਿ ਹਾਈਕਮਾਂਡ ਪੰਜਾਬ ਕਾਂਗਰਸ ਚ ਜਾਰੀ ਵਿਵਾਦ ਨੂੰ ਲੈ ਕੇ ਕੀ ਫੈਸਲਾ ਲੈਂਦੀ ਹੈ।