ਟੋਰਾਂਟੋ ( ਬਲਜਿੰਦਰ ਸੇਖਾ ) ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲਿਬਰਲ ਸਰਕਾਰ ਕਾਰਾਂ ਚੋਰੀ ਕਰਨ ਵਾਲੇ ਅਪਰਾਧੀਆਂ ਲਈ ਸਖ਼ਤ ਸਜ਼ਾਵਾਂ ‘ਤੇ ਵਿਚਾਰ ਕਰ ਰਹੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਇਹ ਟਿੱਪਣੀ ਓਟਾਵਾ ਵਿੱਚ ਕਾਰ ਚੋਰੀ ਦੇ ਮੁੱਦੇ ‘ਤੇ ਹੋ ਰਹੇ ਰਾਸ਼ਟਰੀ ਸੰਮੇਲਨ ਵਿਚ ਕੀਤੀ। ਉਹਨਾਂ ਨੇ ਕੰਸ਼ਰਵੇਟਿਵ ਆਗੂ ਪੀਅਰ ਪੌਲੀਵੈਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਆਕਰਸ਼ਕ ਨਾਅਰੇ ਅਤੇ ਦੋ ਮਿੰਟ ਦੇ ਵੀਡੀਓ ਸਮੱਸਿਆ ਦਾ ਹੱਲ ਨਹੀਂ ਕਰਨਗੇ।
ਪ੍ਰਧਾਨ ਮੰਤਰੀ ਟਰੂਡੋ ਨੇ ਵਾਹਨ ਨਿਰਮਾਤਾਵਾਂ ਨੂੰ ਵਾਹਨਾਂ ਵਿੱਚ ਐਂਟੀ-ਥੈਫ਼ਟ ਤਕਨੀਕ ਇੰਸਟਾਲ ਕਰਨ ਲਈ ਉਤਸ਼ਾਹਿਤ ਕਰਨ ਲਈ ਵਿੱਤੀ ਪ੍ਰੋਤਸਾਹਨ ਦੀ ਜ਼ਰੂਰਤ ਦਾ ਵੀ ਸੰਕੇਤ ਦਿੱਤਾ। ਇਸ ਸੰਮੇਲਨ ਵਿੱਚ ਸਰਕਾਰ ਦੇ ਵੱਖ-ਵੱਖ ਪੱਧਰਾਂ ਦੇ ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਅਤੇ ਕਾਰ ਉਦਯੋਗ ਦੇ ਅਧਿਕਾਰੀ ਸ਼ਾਮਲ ਹੋਏ ਹਨ।
ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਹਰ ਸਾਲ ਅੰਦਾਜ਼ਨ 90,000 ਕਾਰਾਂ ਚੋਰੀ ਹੁੰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਕੈਨੇਡੀਅਨ ਬੀਮਾ ਪਾਲਿਸੀ-ਧਾਰਕਾਂ ਅਤੇ ਟੈਕਸਦਾਤਾਵਾਂ ਨੂੰ ਲਗਭਗ $1 ਬਿਲੀਅਨ ਦਾ ਨੁਕਸਾਨ ਹੁੰਦਾ ਹੈ।
ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਭੇਜੇ ਗਏ ਜ਼ਿਆਦਾਤਰ ਚੋਰੀ ਹੋਏ ਵਾਹਨ ਅਫਰੀਕਾ ਅਤੇ ਮੱਧ ਪੂਰਬ ਵੱਲ ਭੇਜੇ ਗਏ ਹਨ। ਬੁੱਧਵਾਰ ਨੂੰ ਸਰਕਾਰ ਨੇ ਚੋਰੀ ਹੋਏ ਵਾਹਨਾਂ ਦੇ ਨਿਰਯਾਤ ਨਾਲ ਨਜਿੱਠਣ ਵਿੱਚ ਮਦਦ ਲਈ $28 ਮਿਲੀਅਨ ਦੀ ਨਵੀਂ ਫ਼ੰਡਿੰਗ ਦਾ ਐਲਾਨ ਕੀਤਾ ਸੀ।