ਔਟਵਾ, : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਟਰੂਡੋ ਸਰਕਾਰ ਦੇ ਬਜਟ ਨੂੰ ਕੈਨੇਡਾ ਦੇ ਭਵਿੱਖ ਵਾਸਤੇ ਖਤਰਾ ਕਰਾਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਫਾਰਮਾਕੇਅਰ ਵਰਗੀਆਂ ਨਵੀਆਂ ਯੋਜਨਾਵਾਂ ਦੀ ਪੁਨਰ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਫਾਰਮਾਕੇਅਰ ਲਾਗੂ ਹੋਣ ’ਤੇ ਪ੍ਰਾਈਵੇਟ ਡਰੱਗ ਇੰਸ਼ੋਰੈਂਸ ਖਤਮ ਹੋ ਸਕਦਾ ਹੈ ਅਤੇ ਕੈਨੇਡਾ ਵਾਸੀਆਂ ’ਤੇ ਟੈਕਸਾਂ ਦਾ ਭਾਰੀ ਭਰਕਮ ਬੋਝ ਵੀ ਪਵੇਗਾ। ਦੂਜੇ ਪਾਸੇ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਦੋਸ਼ ਲਾਇਆ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਗੁੰਮਰਾਹਕੁਨ ਪ੍ਰਚਾਰ ਕਰ ਕੇ ਲੋਕਾਂ ਵਿਚ ਡਰ ਫੈਲਾਉਣ ਦਾ ਯਤਨ ਕਰ ਰਹੇ ਹਨ।
ਪਿਅਰੇ ਪੌਇਲੀਐਵ ਨੇ ਕਿਹਾ, ਫਾਰਮਾਕੇਅਰ ਅਤੇ ਡੈਂਟਲ ਕੇਅਰ ਦੀ ਹੋਵੇਗੀ ਸਮੀਖਿਆ
ਰੇਡੀਓ ਕੈਨੇਡਾ ਨਾਲ ਇਕ ਇੰਟਰਵਿਊ ਦੌਰਾਨ ਪੌਇਲੀਐਵ ਨੂੰ ਜਦੋਂ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਸੂਰਤ ਵਿਚ ਬਜਟ ਨੂੰ ਸੰਤੁਲਤ ਕਰਨ ਲਈ ਉਹ ਕਿਹੜੇ ਖਰਚੇ ਘਟਾਉਣਗੇ ਤਾਂ ਉਹ ਸਪੱਸ਼ਟ ਜਵਾਬ ਨਾ ਦੇ ਸਕੇ। ਇਹ ਪੁੱਛੇ ਜਾਣ ਕਿ ਕੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਆਉਣ ’ਤੇ ਚਾਈਲਡ ਕੇਅਰ, ਡੈਂਟਲ ਕੇਅਰ ਅਤੇ ਫਾਰਮਾਕੇਅਰ ਰੱਦ ਕਰ ਦਿਤੇ ਜਾਣਗੇ ਤਾਂ ਉਨ੍ਹਾਂ ਯਕੀਨੀ ਤੌਰ ’ਤੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿਤੀ ਪਰ ਇਨ੍ਹਾਂ ਯੋਜਨਾਵਾਂ ਦੇ ਅਸਰਦਾਰ ਸਾਬਤ ਹੋਣ ’ਤੇ ਸਵਾਲ ਉਠਾਏ। ਪੌਇਲੀਐਵ ਦਾ ਕਹਿਣਾ ਸੀ ਕਿ ਕੈਨੇਡਾ ਵਾਸੀਆਂ ਨੂੰ ਕੰਮ ਵਾਲੀਆਂ ਥਾਵਾਂ ਤੋਂ ਪਹਿਲਾਂ ਹੀ ਦਵਾਈਆਂ ਦੀ ਕਵਰੇਜ ਮਿਲੀ ਹੋਈ ਹੈ ਜੋ ਸੰਭਾਵਤ ਤੌਰ ’ਤੇ ਲਿਬਰਲ ਸਰਕਾਰ ਵੱਲੋਂ ਲਿਆਂਦੀ ਫਾਰਮਾਕੇਅਰ ਯੋਜਨਾ ਤੋਂ ਬਿਹਤਰ ਨਤੀਜੇ ਦੇ ਰਹੀ ਹੈ। ਦੱਸ ਦੇਈਏ ਕਿ ਕਾਨਫਰੰਸ ਬੋਰਡ ਆਫ ਕੈਨੇਡਾ ਦੀ ਰਿਪੋਰਟ ਮੁਤਾਬਕ 2 ਕਰੋੜ 46 ਲੱਖ ਕੈਨੇਡੀਅਨ ਪਹਿਲਾਂ ਹੀ ਪ੍ਰਾਈਵੇਟ ਡਰੱਗ ਇੰਸ਼ੋਰੈਂਸ ਲੈ ਚੁੱਕੇ ਹਨ। ਇਸੇ ਦੌਰਾਨ ਸਿਟੀ ਨਿਊਜ਼ ਨਾਲ ਗੱਲ ਕਰਦਿਆਂ ਪਿਅਰੇ ਪੌਇਲੀਐਵ ਨੇ ਕਿਹਾ ਕਿ ਫਾਰਮਾਕੇਅਰ ਲਾਗੂ ਹੋਣ ’ਤੇ ਲੋਕਾਂ ਨੂੰ ਫੈਡਰਲ ਸਰਕਾਰ ਦੀ ਯੋਜਨਾ ਵਿਚ ਸ਼ਾਮਲ ਹੋਣ ਵਾਸਤੇ ਮਜਬੂਰ ਕੀਤਾ ਜਾਵੇਗਾ ਅਤੇ ਪ੍ਰਾਈਵੇਟ ਡਰੱਗ ਇੰਸ਼ੋਰੈਂਸ ’ਤੇ ਪਾਬੰਦੀ ਲੱਗ ਸਕਦੀ ਹੈ।