ਕੈਨੇਡਾ ਵਿੱਚ ਉਡਾਣ ਸਿਖਲਾਈ ਦੌਰਾਨ ਇੱਕ ਹਵਾਈ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਭਾਰਤੀ ਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਤਾਮਿਲਨਾਡੂ ਦੇ ਮਨੋਜ ਸ਼ਿਵਕੁਮਾਰ ਅਤੇ ਪੁਡੂਚੇਰੀ ਦੇ ਸ੍ਰੀਸਰਨ ਥਿਰੂਗਨਾਨਾਸੰਬੰਥਮ ਵਜੋਂ ਕੀਤੀ ਗਈ ਹੈ। ਵੈਨਕੂਵਰ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਐਤਵਾਰ ਨੂੰ ਇਨ੍ਹਾਂ ਦੋਵਾਂ ਵਿਦਿਆਰਥੀਆਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।

ਦੂਤਾਵਾਸ ਨੇ ‘X’ ‘ਤੇ ਇੱਕ ਪੋਸਟ ਵਿੱਚ ਕਿਹਾ, “ਵੈਨਕੂਵਰ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਤਾਮਿਲਨਾਡੂ ਦੇ ਮਨੋਜ ਸ਼ਿਵਕੁਮਾਰ ਅਤੇ ਪੁਡੂਚੇਰੀ ਦੇ ਸ੍ਰੀਸਰਨ ਥਿਰੂਗਨਾਨਾਸੰਬੰਥਮ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਹ ਦੋਵੇਂ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਉਡਾਣ ਦੀ ਸਿਖਲਾਈ ਲੈਣ ਦੌਰਾਨ ਇੱਕ ਦੁਖਦਾਈ ਹਵਾਈ ਹਾਦਸੇ ਵਿੱਚ ਮਾਰੇ ਗਏ ਹਨ।” ਉਨ੍ਹਾਂ ਕਿਹਾ, “ਇਸ ਮੁਸ਼ਕਿਲ ਸਮੇਂ ਵਿੱਚ, ਸਾਡੀ ਹਮਦਰਦੀ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਆਰਿਆਂ ਨਾਲ ਹੈ। ਅਸੀਂ ਮ੍ਰਿਤਕ ਦੇਹਾਂ ਨੂੰ ਭਾਰਤ ਪਹੁੰਚਾਉਣ ਲਈ ਪਰਿਵਾਰਾਂ ਨੂੰ ਹਰ ਸੰਭਵ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਾਂ।”

ਜਾਣਕਾਰੀ ਅਨੁਸਾਰ ਦੋਵੇਂ ਵਿਦਿਆਰਥੀ ਕੈਨੇਡਾ ਵਿੱਚ ਕਮਰਸ਼ੀਅਲ ਪਾਇਲਟ ਅਤੇ ਏਵੀਏਸ਼ਨ ਟ੍ਰੇਨਿੰਗ ਤਹਿਤ ਉਡਾਣ ਦੀ ਪ੍ਰੈਕਟਿਸ ਕਰ ਰਹੇ ਸਨ। ਇਸੇ ਦੌਰਾਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਦੋਵਾਂ ਦੀ ਮੌਤ ਹੋ ਗਈ।