ਟੋਰਾਂਟੋ- ਟੋਰਾਂਟੋ ਪੁਲਸ ਨੇ ਸ਼ਹਿਰ ਦੇ ਵਸਨੀਕਾਂ ਦੇ ਚੋਰੀ ਹੋਏ ਅੰਦਾਜ਼ਨ 60 ਮਿਲੀਅਨ ਡਾਲਰ ਮੁੱਲ ਦੇ 1,000 ਤੋਂ ਵੱਧ ਵਾਹਨ ਬਰਾਮਦ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ, ਜਿਸ ਨਾਲ ਵਾਹਨ ਚੋਰੀ ਦੀ ਲਗਭਗ ਸਾਲ ਭਰ ਚੱਲੀ ਜਾਂਚ ਸਮਾਪਤ ਹੋ ਗਈ। ਟੋਰਾਂਟੋ ਪੁਲਸ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਈਟੋਬੀਕੋਕ ਵਿੱਚ ਟੋਰਾਂਟੋ ਪੁਲਸ ਕਾਲਜ ਵਿੱਚ ਬੁੱਧਵਾਰ ਦੁਪਹਿਰ ਇੱਕ ਨਿਊਜ਼ ਕਾਨਫਰੰਸ ਦੌਰਾਨ, ਟੋਰਾਂਟੋ ਪੁਲਸ ਦੇ ਮੁਖੀ ਮਾਈਰਨ ਡੈਮਕੀਵ ਨੇ ਦੱਸਿਆ ਕਿ ਇਸ ਨੂੰ ‘ਪ੍ਰੋਜੈਕਟ ਸਟੈਲੀਅਨ’ ਦਾ ਨਾਮ ਦਿੱਤਾ ਗਿਆ ਸੀ ਅਤੇ ਇਸ ਨੂੰ ਨਵੰਬਰ 2022 ਨੂੰ ਲਾਂਚ ਕੀਤਾ ਗਿਆ ਸੀ ਅਤੇ ਇਸ ਵਿਚ ਜਾਂਚ 24 ਸਤੰਬਰ 2023 ਨੂੰ ਸਮਾਪਤ ਹੋਈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦੇ ਨਤੀਜੇ ਵਜੋਂ 228 ਲੋਕਾਂ ਦੇ ਖਿਲਾਫ 553 ਦੋਸ਼ ਵੀ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 20 ਦੀ ਉਮਰ 18 ਸਾਲ ਤੋਂ ਘੱਟ ਹੈ। ਸੁਪਰਡੈਂਟ ਰੌਨ ਟੈਵਰਨਰ ਨੇ ਕਿਹਾ, “ਇਹ ਨਤੀਜੇ ਦਰਸਾਉਂਦੇ ਹਨ ਕਿ ਅਸੀਂ ਇਸ ਮੁੱਦੇ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੇ ਹਾਂ।” ਟੋਰਾਂਟੋ ਵਿੱਚ 2023 ਵਿੱਚ ਹੁਣ ਤੱਕ 9,747 ਵਾਹਨ ਚੋਰੀ ਹੋ ਚੁੱਕੇ ਹਨ। ਇਕੱਲੇ 2 ਪੁਲਸ ਡਿਵੀਜ਼ਨਾਂ ਈਟੋਬੀਕੋਕ ਅਤੇ ਉੱਤਰੀ ਪੱਛਮੀ ਟੋਰਾਂਟੋ ਵਿਚ 3,500 ਤੋਂ ਵੱਧ ਵਾਹਨ ਚੋਰੀ ਹੋਏ ਹਨ। ਪੁਲਸ ਨੇ ਕਿਹਾ ਕਿ ਵਾਹਨ, ਘਰਾਂ ਦੇ ਡਰਾਈਵਵੇਅ, ਹੋਟਲ ਅਤੇ ਏਅਰਪੋਰਟ ਪਾਰਕਿੰਗ ਸਥਾਨਾਂ ਅਤੇ ਵੁੱਡਬਾਈਨ ਕੈਸੀਨੋ ਵਰਗੇ ਸਥਾਨਕ ਆਕਰਸ਼ਣਾਂ ਤੋਂ ਚੋਰੀ ਕੀਤੇ ਗਏ ਸਨ।
‘ਪ੍ਰੋਜੈਕਟ ਸਟੈਲੀਅਨ’ ਨੂੰ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ ਵੱਲੋਂ ਸਮਰਥਿਤ ਕੀਤਾ ਗਿਆ ਸੀ, ਜੋ ਸੂਬਾਈ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੇ ਭਾਈਚਾਰੇ ਵਿਚਕਾਰ ਇੱਕ ਭਾਈਵਾਲੀ ਹੈ, ਜਿਸਦਾ ਉਦੇਸ਼ ਪੂਰੇ ਓਨਟਾਰੀਓ ਵਿੱਚ ਸੰਗਠਿਤ ਅਪਰਾਧ ਦੀ ਪਛਾਣ ਕਰਨਾ ਅਤੇ ਉਹਨਾਂ ਨਾਲ ਨਜਿੱਠਣਾ ਹੈ। ਜਾਂਚ ਦੇ ਅੰਤਮ ਨਤੀਜਿਆਂ ਨੂੰ ਜਾਰੀ ਕਰਨ ਤੋਂ ਇਲਾਵਾ, ਡੈਮਕੀਵ ਨੇ ਜਨਤਾ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਟੋਰਾਂਟੋ ਪੁਲਸ ਸੇਵਾ “ਸ਼ਹਿਰ ਵਿੱਚ ਵੱਧ ਰਹੀਆਂ ਆਟੋ ਚੋਰੀਆਂ ਦੀਆਂ ਘਟਨਾਵਾਂ ਵਿਰੁੱਧ ਕਾਰਵਾਈ ਜਾਰੀ ਰੱਖ ਰਹੀ ਹੈ।”
ਡੈਮਕੀਵ ਨੇ ਕਿਹਾ ਕਿ ਇਸ ਪਹਿਲਕਦਮੀ ਦੇ ਨਤੀਜੇ ਵਜੋਂ ਪਹਿਲਾਂ ਹੀ 24 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਜੋ ਕਾਰਜੈਕਿੰਗ, ਘਰ ‘ਤੇ ਹਮਲਾ ਕਰਨ, ਹਮਲੇ ਜਾਂ ਧਮਕੀਆਂ ਦੇ ਹੋਰ ਰੂਪਾਂ ਨਾਲ ਸਬੰਧਤ ਕੁੱਲ 116 ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ, “ਇਨ੍ਹਾਂ ਅਪਰਾਧਾਂ ਨੂੰ ਅੰਜ਼ਾਮ ਦੇਣ ਵਿਚ ਵਰਤੀ ਜਾ ਰਹੀ ਹਿੰਸਾ ਦਾ ਪੱਧਰ ਜਨਤਕ ਸੁਰੱਖਿਆ ਲਈ ਇੱਕ ਨਵੇਂ ਅਤੇ ਵਿਕਸਤ ਹੋ ਰਹੇ ਖ਼ਤਰੇ ਨੂੰ ਦਰਸਾਉਂਦਾ ਹੈ। ਪੁਲਸ ਮੁਖੀ ਵਜੋਂ ਧਮਕੀ ਅਤੇ ਅਪਰਾਧ ਦਾ ਇਹ ਪੱਧਰ ਮੇਰੇ ਲਈ ਅਸਵੀਕਾਰਨਯੋਗ ਹੈ। ਅਸੀਂ ਸਭ ਤੋਂ ਵੱਧ ਆਪਣੇ ਨਿਵਾਸੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਵਚਨਬੱਧ ਹਾਂ ਅਤੇ ਅਸੀਂ ਇਸ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਆਪਣੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਅਤੇ ਓਨਟਾਰੀਓ ਦੀ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਸਮੇਤ ਹੋਰ ਬਾਹਰੀ ਏਜੰਸੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।”