ਲੁਧਿਆਣਾ :  ਨੈਸ਼ਨਲ ਹਾਈਵੇ ’ਤੇ ਸਥਿਤ ਦੇਸ਼ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ’ਤੇ 15 ਦਿਨਾਂ ਤੋਂ ਚੱਲ ਰਹੇ ਧਰਨੇ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ’ਤੇ ਆਪਣਾ ਧਰਨਾ ਖ਼ਤਮ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਟੋਲ ਵਸੂਲੀ ਬੰਦ ਕਰ ਦਿੱਤੀ। ਟੋਲ ਪਲਾਜ਼ਾ ’ਤੇ ਕਿਸਾਨ ਸੰਗਠਨਾਂ ਨੇ ਇਕ ਵਿਸ਼ਾਲ ਇਕੱਠ ਕਰਦੇ ਹੋਏ ਕੇਂਦਰ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿਲ, ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਨਾਜਾਇਜ਼ ਤੌਰ ’ਤੇ ਚਲਾਇਆ ਜਾ ਰਿਹਾ ਹੈ, ਜਿਸ ਦੇ ਬੰਦ ਹੋਣ ਦੀ ਆਖ਼ਰੀ ਤਾਰੀਖ਼ 10 ਮਈ, 2024 ਸੀ ਪਰ ਟੋਲ ਨੂੰ ਬੰਦ ਕਰਨ ਦੀ ਜਗ੍ਹਾ ਲੋਕਾਂ ਤੋਂ ਧੱਕੇਸ਼ਾਹੀ ਨਾਲ ਟੋਲ ਟੈਕਸ ਵਸੂਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪਿਛਲੇ 15 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਟੋਲ ’ਤੇ ਦਿਨ-ਰਾਤ ਧਰਨਾ ਲਗਾ ਕੇ ਬੈਠੀ ਹੋਈ ਸੀ ਅਤੇ ਬੀਤੇ ਦਿਨ ਟੋਲ ਪਲਾਜ਼ਾ ਨੂੰ ਪੱਕੇ ਤੌਰ ’ਤੇ ਤਾਲੇ ਲਗਾ ਕੇ ਬੰਦ ਕਰਨ ਦਾ ਕੰਮ ਕਿਸਾਨ ਯੂਨੀਅਨ ਨੇ ਕਰਨਾ ਸੀ, ਜਿਸ ਕਾਰਨ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਟੋਲ ਪਲਾਜ਼ਾ ’ਤੇ ਏ. ਡੀ. ਸੀ. ਅਮਿਤ ਸਰੀਨ, ਐੱਸ. ਡੀ. ਐੱਮ. ਦੀਪਕ ਭਾਟੀਆ, ਏ. ਡੀ. ਸੀ. ਪੀ 3 ਆਈ. ਪੀ. ਐੱਸ. ਸ਼ੁਭਮ ਅਗਰਵਾਲ, ਇੰਚਾਰਜ ਵੀਰ ਇੰਦਰ ਸਿਘ ਬੈਨੀਪਾਲ ਨੂੰ ਭੇਜਿਆ ਗਿਆ। ਜਿੱਥੇ ਉਨ੍ਹਾਂ ਨੇ ਕਿਸਾਨ ਜੱਥੇਬੰਦੀਆਂ ਦੀਆਂ ਮੰਗਾਂ ਦਾ ਮੰਗ ਪੱਤਰ ਲੈ ਕੇ ਵਿਸਵਾਸ਼ ਦਿਵਾਇਆ ਕਿ ਉਹ ਆਉਣ ਵਾਲੇ ਦਿਨਾਂ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਨਾਲ ਖ਼ੁਦ ਗੱਲ ਕਰ ਕੇ ਇਨ੍ਹਾਂ ਮੰਗਾਂ ਨੂੰ ਉਨ੍ਹਾਂ ਦੇ ਸਾਹਮਣੇ ਰੱਖਣਗੇ।