ਚੰਡੀਗੜ੍ਹ : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨਾਲ ਸਬੰਧਤ ਤਿੰਨ ਕਾਰਕੁਨਾਂ ਨੂੰ ਜ਼ੀਰਕਪੁਰ ਤੋਂ ਗ੍ਰਿਫਤਾਰ ਕਰਕੇ ਸੂਬੇ ਵਿੱਚ ਸਨਸਨੀਖੇਜ਼ ਅਪਰਾਧਾਂ ਨੂੰ ਟਾਲਣ ਵਿੱਚ ਵੱਡੀ ਸਫਲਤਾ ਦਰਜ ਕੀਤੀ ਹੈ। ਇਹ ਜਾਣਕਾਰੀ ਡੀਜੀਪੀ, ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਜੈ ਸਿੰਘ ਉਰਫ਼ ਅਜੈਪਾਲ ਅਤੇ ਅੰਕਿਤ ਦੋਵੇਂ ਵਾਸੀ ਭਿਵਾਨੀ, ਹਰਿਆਣਾ ਅਤੇ ਲਖਵਿੰਦਰ ਸਿੰਘ ਉਰਫ਼ ਲੱਕੀ ਵਾਸੀ ਏ.ਕੇ.ਐਸ. ਕਲੋਨੀ , ਜ਼ੀਰਕਪੁਰ ਵਜੋਂ ਹੋਈ ਹੈ। ਮੁਲਜ਼ਮ ਅੰਕਿਤ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਹਰਿਆਣਾ ਵਿੱਚ ਕਤਲ, ਇਰਾਦਾ ਕਤਲ , ਜਬਰਨ ਵਸੂਲੀ ਅਤੇ ਅਸਲਾ ਐਕਟ ਸਮੇਤ ਕਈ ਘਿਨਾਉਣੇ ਅਪਰਾਧਿਕ ਕੇਸਾਂ ਵਿੱਚ ਸ਼ਾਮਲ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ .32 ਕੈਲੀਬਰ ਦੇ ਦੋ ਪਿਸਤੌਲਾਂ ਸਮੇਤ 11 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਅਤੇ ਦੋਸ਼ੀਆਂ ਦੀ ਹੁੰਡਈ ਔਰਾ ਕਾਰ ਵੀ ਜ਼ਬਤ ਕੀਤੀ ਗਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀਆਂ ਏਜੀਟੀਐਫ ਟੀਮਾਂ ਨੇ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਤਿੰਨੋਂ ਮੁਲਜ਼ਮਾਂ ਦਾ ਪਿੱਛਾ ਕਰਦਿਆਂ ਉਨ੍ਹਾਂ ਨੂੰ ਜ਼ੀਰਕਪੁਰ ਦੇ ਏਅਰਪੋਰਟ ਰੋਡ ਨੇੜੇ ਸਥਿਤ ਇੱਕ ਫਲੈਟ ਤੋਂ ਗ੍ਰਿਫ਼ਤਾਰ ਕੀਤਾ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ, ਲਾਰੈਂਸ ਬਿਸ਼ਨੋਈ ਗੈਂਗ ਦੇ ਵਿਦੇਸ਼ੀ ਅਤੇ ਫਰਾਰ ਗੈਂਗਸਟਰਾਂ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਕਰਦੇ ਸਨ। ਇਹ ਦੋਸ਼ੀ ਰੇਕੀ ਕਰ ਰਹੇ ਸਨ ਅਤੇ ਹੋਰ ਲੋੜੀਂਦੀ ਜਾਣਕਾਰੀ ਇਕੱਠੀ ਕਰ ਰਹੇ ਸਨ ਕਿਉਂਕਿ ਇਨ੍ਹਾਂ ਨੂੰ ਵਿਰੋਧੀ ਗੈਂਗਸਟਰਾਂ ਦੀ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ, ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਦੋਸ਼ੀ ਅੰਕਿਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਪਰਾਧਿਕ ਪਿਛੋਕੜ ਵਾਲੇ ਵਿਰੋਧੀ ਗੈਂਗਸਟਰ ਜੈ ਕੁਮਾਰ ਉਰਫ ਭੱਦਰ, ਜਿਸ ਵਿਰੁੱਧ ਘਿਨਾਉਣੇ ਅਪਰਾਧਾਂ ਦੇ 27 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸਨ, ਦਾ 6 ਨਵੰਬਰ 2023 ਨੂੰ ਦਿਨ-ਦਿਹਾੜੇ ਕਤਲ ਕੀਤਾ ਸੀ ਅਤੇ ਉਦੋਂ ਤੋਂ ਹੀ ਉਹ ਫਰਾਰ ਸੀ। ਹਰਿਆਣਾ ਪੁਲਿਸ ਨੇ ਉਸਦੀ ਗ੍ਰਿਫਤਾਰੀ ਲਈ ਇਨਾਮ ਵੀ ਰੱਖਿਆ ਸੀ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਅਜੈ ਅਤੇ ਅੰਕਿਤ ਨੇ ਰਾਜਸਥਾਨ ਵਿੱਚ ਮਿੱਥ ਕੇ ਕਤਲ ਕਰਨ ਦੀਆਂ ਵਾਰਤਾਦਾਂ ਨੂੰ ਅੰਜਾਮ ਦੇਣ ਦੀ ਨਾਕਾਮ ਕੋਸ਼ਿਸ਼ ਵੀ ਕੀਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਡਿਊਲ ਦੀਆਂ ਅਪਰਾਧਿਕ ਗਤੀਵਿਧੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਐਫਆਈਆਰ ਨੰਬਰ 8 ਮਿਤੀ 15/03/2024 ਨੂੰ ਆਈ.ਪੀ.ਸੀ. ਦੀ ਧਾਰਾ 120-ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25(6) ਅਤੇ 25(7) ਤਹਿਤ ਥਾਣਾ ਸਟੇਟ ਕ੍ਰਾਈਮ, ਐਸ.ਏ.ਐਸ.ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।