ਬਾਲੀਵੁੱਡ ਦੇ ਸਿਤਾਰਿਆਂ ਨੂੰ ਮਿਲ ਰਹੀਆਂ ਧਮਕੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ… ਪਹਿਲਾਂ ਸਲਮਾਨ ਖ਼ਾਨ ਅਤੇ ਹੁਣ ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਬਾਬਾ ਸਿੱਦੀਕੀ ਕਤਲ ਕਾਂਡ ਦੇ ਲੋੜੀਂਦੇ ਮੁਲਜ਼ਮ ਜ਼ੀਸ਼ਾਨ ਅਖ਼ਤਰ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਹਾਲਾਂਕਿ, ਇਸ ਧਮਕੀ ਪਿੱਛੇ ਉਸ ਦਾ ਹੀ ਹੱਥ ਹੈ ਜਾਂ ਕੋਈ ਹੋਰ ਵਿਅਕਤੀ ਉਸ ਦੇ ਨਾਂ ਦੀ ਵਰਤੋਂ ਕਰ ਰਿਹਾ ਹੈ, ਇਸ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਮੁੰਬਈ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਦਰਅਸਲ, ਮੁੰਬਈ ਪੁਲਸ ਦੇ ਸੂਤਰਾਂ ਅਨੁਸਾਰ ਸੈਫ਼ ਅਲੀ ਖ਼ਾਨ ਨੂੰ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਜਾਂਚ ਏਜੰਸੀਆਂ ਸਰਗਰਮ ਹੋ ਗਈਆਂ ਹਨ। ਇਸ ਮਾਮਲੇ ਵਿੱਚ ਜ਼ੀਸ਼ਾਨ ਅਖ਼ਤਰ ਦਾ ਨਾਂ ਚਰਚਾ ਵਿੱਚ ਹੈ, ਜੋ ਬਾਬਾ ਸਿੱਦੀਕੀ ਕਤਲ ਕਾਂਡ ਵਿੱਚ ਲੋੜੀਂਦਾ ਮੁਲਜ਼ਮ ਹੈ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਧਮਕੀ ਅਸਲ ਵਿੱਚ ਜ਼ੀਸ਼ਾਨ ਅਖ਼ਤਰ ਵੱਲੋਂ ਦਿੱਤੀ ਗਈ ਹੈ ਜਾਂ ਫਿਰ ਕੋਈ ਹੋਰ ਵਿਅਕਤੀ ਉਸ ਦੀ ਪਛਾਣ ਦੀ ਵਰਤੋਂ ਕਰਕੇ ਬਾਲੀਵੁੱਡ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਥੇ ਇੱਕ ਹੋਰ ਅਹਿਮ ਗੱਲ ਸਾਹਮਣੇ ਆਈ ਹੈ। ਪੁਲਸ ਹੁਣ ਇਸ ਮਾਮਲੇ ਨੂੰ ਸਿਰਫ਼ ਗੈਂਗਸਟਰਾਂ ਨਾਲ ਜੋੜ ਕੇ ਨਹੀਂ ਦੇਖ ਰਹੀ, ਸਗੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਦੇ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਕਿਉਂਕਿ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੇ ਕਈ ਅਦਾਕਾਰਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।
ਪੁਲਸ ਅਧਿਕਾਰੀ ਮੁਤਾਬਕ ਅਦਾਕਾਰ ਤੁਸ਼ਾਰ ਕਪੂਰ ਅਤੇ ਆਯੁਸ਼ਮਾਨ ਖੁਰਾਨਾ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਮਾਮਲੇ ਵਿੱਚ ਬੈਂਗਲੁਰੂ ਦੇ 30 ਸਾਲਾ IIT ਗ੍ਰੈਜੂਏਟ ਵੈਭਵ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਉਸ ਦਾ ਕਿਸੇ ਗੈਂਗ ਨਾਲ ਸਬੰਧ ਨਹੀਂ ਸੀ, ਸਗੋਂ ਉਹ AI ਤਕਨੀਕ ਦੀ ਵਰਤੋਂ ਕਰਕੇ ਕਲਾਕਾਰਾਂ ਨੂੰ ਧਮਕੀਆਂ ਦੇ ਰਿਹਾ ਸੀ। ਇਸੇ ਕਾਰਨ ਹੁਣ ਸੈਫ਼ ਅਲੀ ਖ਼ਾਨ ਨੂੰ ਮਿਲੀ ਧਮਕੀ ਦੇ ਮਾਮਲੇ ਵਿੱਚ ਵੀ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਪਿੱਛੇ ਕਿਸੇ ਗੈਂਗ ਦਾ ਹੱਥ ਹੈ ਜਾਂ ਫਿਰ ਕੋਈ ਵਿਅਕਤੀ ਨਕਲੀ ਪਛਾਣ ਦੀ ਵਰਤੋਂ ਕਰਕੇ ਇਹ ਸਭ ਕਰ ਰਿਹਾ ਹੈ। ਫਿਲਹਾਲ ਮੁੰਬਈ ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਜਾਂਚ ਵਿੱਚ ਧਮਕੀ ਦੇਣ ਵਾਲੇ ਦੀ ਅਸਲ ਪਛਾਣ ਕੀ ਸਾਹਮਣੇ ਆਉਂਦੀ ਹੈ ਅਤੇ ਕੀ ਇਸ ਦੇ ਪਿੱਛੇ ਕਿਸੇ ਗੈਂਗ ਦਾ ਹੱਥ ਹੈ ਜਾਂ ਨਹੀਂ।














