ਫਲੋਰੀਡਾ: ਅਮਰੀਕਾ ਦੇ ਦੱਖਣੀ ਫਲੋਰੀਡਾ ਵਿੱਚ ‘ਪਾਮ ਬੀਚ ਇੰਟਰਨੈਸ਼ਨਲ ਏਅਰਪੋਰਟ’ ਦਾ ਨਾਂ ਅਧਿਕਾਰਤ ਤੌਰ ‘ਤੇ ਬਦਲ ਦਿੱਤਾ ਗਿਆ ਹੈ ਜਿਸ ਤੋਂ ਬਾਅਦ ‘ਪਾਮ ਬੀਚ ਇੰਟਰਨੈਸ਼ਨਲ ਏਅਰਪੋਰਟ’ ਦੇ ਸਾਈਨ ਬੋਰਡ ਹਟਾ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਨਵੇਂ ਸਾਈਨ ਬੋਰਡ ਲਗਾਏ ਜਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ‘ਪਾਮ ਬੀਚ ਇੰਟਰਨੈਸ਼ਨਲ ਏਅਰਪੋਰਟ ਹੁਣ ‘ਪ੍ਰੈਜ਼ੀਡੈਂਟ ਡੋਨਾਲਡ ਜੇ. ਟਰੰਪ ਇੰਟਰਨੈਸ਼ਨਲ ਏਅਰਪੋਰਟ’ ਦ ਨਾਮ ਨਾਲ ਜਾਣਿਆ ਜਾਵੇਗਾ। ਏਅਰਪੋਰਟ ਅਧਿਕਾਰੀਆਂ ਨੇ ਫੇਸਬੁੱਕ ਪੋਸਟ ਵਿੱਚ ਕਿਹਾ, “ਕਿਉਂਕਿ ਪੂਰੇ ਏਅਰਪੋਰਟ ਦਾ ਕਾਇਆ-ਕਲਪ ਰਾਤੋ-ਰਾਤ ਨਹੀਂ ਹੁੰਦਾ, ਇਸ ਲਈ ਅਗਲੇ ਕੁਝ ਹਫ਼ਤਿਆਂ ਵਿੱਚ ਟਰਮੀਨਲ ਤੋਂ ਲੰਘਦੇ ਸਮੇਂ ਤੁਹਾਨੂੰ ਸਾਡੀ ਪੁਰਾਣੀ ਦਿੱਖ ਅਤੇ ਨਵੇਂ ਬ੍ਰਾਂਡ ਐਲੀਮੈਂਟਸ ਦਾ ਮਿਲਿਆ-ਜੁਲਿਆ ਰੂਪ ਦੇਖਣ ਨੂੰ ਮਿਲੇਗਾ।”
ਟਰੰਪ ਆਰਗੇਨਾਈਜ਼ੇਸ਼ਨ ਦਾ ਬੋਇੰਗ 757 ਜਹਾਜ਼, ਜਿਸ ਨੂੰ ‘ਟਰੰਪ ਫੋਰਸ ਵਨ’ ਕਿਹਾ ਜਾਂਦਾ ਹੈ, ਸਵੇਰੇ 5 ਵਜੇ ਤੋਂ ਕੁਝ ਹੀ ਦੇਰ ਬਾਅਦ ਇਸ ਨਵੇਂ ਨਾਮ ਵਾਲੇ ਏਅਰਪੋਰਟ ‘ਤੇ ਉਤਰਨ ਵਾਲਾ ਪਹਿਲਾ ਜਹਾਜ਼ ਸੀ। ਇਸ ਜਹਾਜ਼ ਵਿੱਚ ਰਾਸ਼ਟਰਪਤੀ ਦੇ ਪੁੱਤਰ ਐਰਿਕ ਟਰੰਪ ਵੀ ਸਵਾਰ ਸਨ।ਟਰੰਪ ਪਰਿਵਾਰ ਜਦੋਂ ਵੀ ਨੇੜੇ ਸਥਿਤ ਮਾਰ-ਏ-ਲਾਗੋ ਸਥਿਤ ਆਪਣੀ ਰਿਹਾਇਸ਼ ‘ਤੇ ਆਉਂਦਾ ਹੈ, ਤਾਂ ਆਮ ਤੌਰ ‘ਤੇ ਇਸੇ ਏਅਰਪੋਰਟ ਦੀ ਵਰਤੋਂ ਕਰਦਾ ਹੈ। ਇਸ ਤੋਂ ਪਹਿਲਾਂ ਇਸੇ ਸਾਲ ਏਅਰਪੋਰਟ ਤੋਂ ਟਰੰਪ ਅਸਟੇਟ ਤੱਕ ਜਾਣ ਵਾਲੀ ਸੜਕ ਦਾ ਨਾਂ ਵੀ “ਡੋਨਾਲਡ ਜੇ. ਟਰੰਪ ਬੁਲੇਵਾਰਡ” ਰੱਖਿਆ ਗਿਆ ਸੀ।
ਐਰਿਕ ਟਰੰਪ ਨੇ X ‘ਤੇ ਪੋਸਟ ਕੀਤਾ, “ਫਲੋਰੀਡਾ ਅਤੇ ਸਾਡੇ ਦੇਸ਼ ਲਈ ਕਿਸੇ ਹੋਰ ਨੇ ਇੰਨਾ ਕੰਮ ਨਹੀਂ ਕੀਤਾ ਹੈ, ਜਿੰਨਾ ਰਾਸ਼ਟਰਪਤੀ ਟਰੰਪ ਨੇ ਕੀਤਾ। ਉਹ ਇਸ ਸਨਮਾਨ ਦੇ ਸਭ ਤੋਂ ਵੱਡੇ ਹੱਕਦਾਰ ਹਨ। ਇੱਕ ਪੁੱਤਰ ਵਜੋਂ ਅਤੇ ਲਗਭਗ ਹਰ ਰੋਜ਼ ਇਸ ਏਅਰਪੋਰਟ ਤੋਂ ਉਡਾਣ ਭਰਨ ਵਾਲੇ ਵਿਅਕਤੀ ਦੇ ਤੌਰ ‘ਤੇ ਮੈਨੂੰ ਮਾਣ ਹੋਵੇਗਾ ਕਿ ਮੇਰੇ ਬੋਰਡਿੰਗ ਪਾਸ ‘ਤੇ ਹੁਣ ‘DJT’ ਲਿਖਿਆ ਹੋਵੇਗਾ।”ਹਾਲਾਂਕਿ ਏਅਰਪੋਰਟ ਦਾ ਨਵਾਂ ਨਾਂ ਵੀਰਵਾਰ ਤੋਂ ਲਾਗੂ ਹੋ ਗਿਆ ਹੈ, ਪਰ ਇਸ ਦਾ ਤਿੰਨ ਅੱਖਰਾਂ ਵਾਲਾ ਅਧਿਕਾਰਤ ਏਅਰਪੋਰਟ ਕੋਡ PBI ਤੋਂ ਬਦਲ ਕੇ DJT 18 ਅਗਸਤ ਤੋਂ ਕੀਤਾ ਜਾਵੇਗਾ।














