ਪੰਜਾਬ ਵਿੱਚ ਮਾਰਕੀਟ ਕਮੇਟੀ ਲਈ 107 ਕਰੋੜ ਤੋਂ ਤਿਰਪਾਲ ਖਰੀਦ ਵਿਵਾਦਾਂ ਵਿੱਚ ਘਿਰ ਗਈ ਹੈ। ਤਿਰਪਾਲ ਮਹਿੰਗੇ ਰੇਟ ‘ਤੇ ਖਰੀਦੇ ਜਾਣ ਦਾ ਪਤਾ ਲੱਗਦੇ ਹੀ ਇਸ ਦੇ ਟੈਂਡਰ ਰੋਕ ਦਿੱਤੇ ਗਏ ਹਨ। CM ਭਗਵੰਤ ਮਾਨ ਨੂੰ ਇਸ ਬਾਰੇ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜੇ ਜਾਂਚ ਸਹੀ ਸਾਬਤ ਹੋਈ ਤਾਂ ਇਹ ਟੈਂਡਰ ਰੱਦ ਕੀਤਾ ਜਾ ਸਕਦਾ ਹੈ।
ਸੂਤਰਾਂ ਮੁਤਾਬਕ ਸੀਐਮ ਨੇ ਜਾਂਚ ਕਰਨ ਲਈ ਕਿਹਾ ਹੈ ਕਿ ਤਿਰਪਾਲਾਂ ਦੇ ਰੇਟ ਅਚਾਨਕ ਕਿਵੇਂ ਵਧ ਗਏ। ਇਸ ਨੂੰ ਪਹਿਲਾਂ ਕਿਸ ਰੇਟ ‘ਤੇ ਵੇਚਿਆ ਜਾ ਰਿਹਾ ਸੀ ਅਤੇ ਸਰਕਾਰ ਨੂੰ ਕਿਸ ਰੇਟ ‘ਤੇ ਵੇਚਿਆ ਜਾ ਰਿਹਾ ਹੈ? ਇਸ ਸਬੰਧੀ ਰਿਪੋਰਟ ਮੰਗੀ ਗਈ ਹੈ। CM ਭਗਵੰਤ ਮਾਨ ਨੇ ਅਚਾਨਕ ਵਾਧੇ ਦਾ ਕਾਰਨ ਜਾਣਨਾ ਚਾਹਿਆ। ਜੇ ਇਸ ਵਿੱਚ ਕੋਈ ਬੇਨਿਯਮੀ ਪਾਈ ਜਾਂਦੀ ਹੈ ਤਾਂ ਕਈ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ।
ਮਾਰਕੀਟ ਕਮੇਟੀ ਪੰਜਾਬ ਦੀਆਂ ਮੰਡੀਆਂ ਦੀ ਦੇਖ-ਰੇਖ ਕਰਦੀ ਹੈ। ਇੱਥੇ ਵਿਕਣ ਲਈ ਆਉਣ ਵਾਲੀ ਫ਼ਸਲ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਮਾਰਕੀਟ ਕਮੇਟੀ ਦੀ ਹੈ। ਖਾਸ ਤੌਰ ‘ਤੇ ਬਰਸਾਤ ਦੇ ਮੌਸਮ ਦੌਰਾਨ ਫਸਲ ਨੂੰ ਗਿੱਲੇ ਹੋਣ ਤੋਂ ਬਚਾਉਣ ਲਈ ਤਰਪਾਲ ਦਿੱਤੀ ਜਾਂਦੀ ਹੈ। ਇਸ ਕੰਮ ਲਈ ਇਹ ਤਿਰਪਾਲ ਖਰੀਦੀ ਜਾ ਰਹੀ ਸੀ, ਜਿਸ ਦੀ ਸ਼ਿਕਾਇਤ ਤੋਂ ਬਾਅਦ ਇਸ ਵਿੱਚ ਬੇਨਿਯਮੀਆਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।