ਮਾਂ-ਪੁੱਤ ਦਾ ਰਿਸ਼ਤਾ ਦੁਨੀਆ ਵਿਚ ਸਭ ਤੋਂ ਨੇੜੇ ਦਾ ਮੰਨਿਆ ਜਾਂਦਾ ਹੈ। ਮਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਤੇ ਆਪਣੇ ਬੱਚਿਆਂ ਖਾਤਰ ਮਾਂ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੀ ਹੈ। ਪਰ ਉਹ ਹੀ ਬੱਚਾ ਜੇਕਰ ਵੱਡਾ ਹੋ ਕੇ ਮਾਂ ਨਾਲ ਗਲਤ ਵਿਵਹਾਰ ਕਰੇ ਤਾਂ ਸੋਚੋ ਉਸ ਮਾਂ ‘ਤੇ ਕੀ ਬੀਤੇਗੀ। ਅਜਿਹਾ ਹੀ ਇਕ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਪੜ੍ਹੇ ਲਿਖੇ ਵਕੀਲ ਪੁੱਤ ਵੱਲੋਂ ਆਪਣੀ ਬਜ਼ੁਰਗ ਮਾਂ ‘ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਸੀ।

ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਗਿਆਨੀ ਜ਼ੈਲ ਸਿੰਘ ਨਗਰ ਵਿਚ ਮਾਂ ਨੂੰ ਮਿਲਣ ਆਈ ਧੀ ਨੇ ਸੀਸੀਟੀਵੀ ਫੁਟੇਜ ਦੇਖੀ। ਧੀ ਨੇ ਮਨੁੱਖਤਾ ਦੀ ਸੇਵਾ ਸੰਸਥਾ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਮਾਂ ਨੂੰ ਪੁੱਤ ਦੇ ਚੁੰਗਲ ਵਿਚੋਂ ਬਾਹਰ ਕੱਢਿਆ ਜਿਸ ਦੇ ਬਾਅਦ ਪੁਲਿਸ ਨੇ ਮੁਲਜ਼ਮ ਵਕੀਲ ਅੰਕੁਰ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਰੋਪੜ ਦੇ ਗਿਆਨੀ ਜੈਲ ਸਿੰਘ ਨਗਰ ਵਿਚ ਰਹਿੰਦੇ ਵਕੀਲ ਅੰਕੁਰ ਵਰਮਾ ਤੇ ਉਸਦੀ ਪਤਨੀ ਅਤੇ ਨਾਬਾਲਗ ਬੇਟੇ ਵੱਲੋ ਬਜ਼ੁਰਗ ਵਿਧਵਾ ਮਾਂ ਦੇ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ ਹੈ। ਬਜ਼ੁਰਗ ਵਿਧਵਾ ਦੀ ਪਛਾਣ ਪ੍ਰੋਫੇਸਰ ਆਸ਼ਾ ਰਾਣੀ ਵਜੋਂ ਹੋਈ ਹੈ। ਪੇਕੇ ਘਰ ਆਈ ਧੀ ਦੇ ਹੱਥ ਸੀਸੀਟੀਵੀ ਫੁਟੇਜ ਲੱਗੀ ਜਿਸ ਵਿਚ ਵਕੀਲ ਅੰਕੁਰ ਆਪਣੀ ਵਿਧਵਾ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਸੀ ਤੇ ਇਸ ਤੋਂ ਬਾਅਦ ਇਹ ਸੀਸੀਟੀਵੀ ਫੁਟੇਜ ਧੀ ਵੱਲੋਂ ਮਨੁੱਖਤਾ ਦੀ ਸੇਵਾ ਸੰਸਥਾ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਵਕੀਲ ‘ਤੇ ਕਾਰਵਾਈ ਕੀਤੀ ਗਈ ਤੇ ਬਜ਼ੁਰਗ ਮਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।