ਪੁਲਿਸ ਨੇ ਸਖਤ ਸੁਰੱਖਿਆ ਵਿਚ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਵਿਚ ਪੇਸ਼ ਕੀਤਾ। 8 ਦਿਨ ਦੇ ਪੁਲਿਸ ਰਿਮਾਂਡ ਵਿਚ ਫਾਜ਼ਿਲਕਾ ਪੁਲਿਸ ਖਹਿਰਾ ਤੋਂ ਕੋਈ ਵੀ ਜਾਣਕਾਰੀ ਹਾਸਲ ਨਹੀਂ ਕਰ ਸਕੀ। ਇਸਦੇ ਬਾਅਦ ਅਦਾਲਤ ਨੇ ਖਹਿਰਾ ਨੂੰ ਨਿਆਇਕ ਹਿਰਾਸਤ ਵਿਚ ਨਾਭਾ ਜੇਲ੍ਹ ਭੇਜ ਦਿੱਤਾ ਹੈ।ਖਹਿਰਾ ਨੂੰ ਸੁਰੱਖਿਆ ਵਿਚ ਨਾਭਾ ਜੇਲ੍ਹ ਪੁਲਿਸ ਲੈ ਕੇ ਗਈ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਨੂੰ 8 ਦਿਨ ਖਹਿਰਾ ਤੋਂ ਪੁੱਛਗਿਛ ਕਰਨ ਲਈ ਮਿਲੇ ਸਨ ਪਰ ਪੁਲਿਸ ਨੂੰ ਖਹਿਰਾ ਤੋਂ ਕੁਝ ਵੀ ਹਾਸਲ ਨਹੀਂ ਹੋ ਸਕਿਆ। ਪੁਲਿਸ ਨੇ ਸਾਲ 2015 ਦੇ NDPS ਮਾਮਲੇ ਵਿਚ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਹੈ। ਰਿਮਾਂਡ ਖਤਮ ਹੋਣ ‘ਤੇ ਪੁਲਿਸ ਨੇ ਖਹਿਰਾ ਨੂੰ ਸਖਤ ਸੁਰੱਖਿਆ ਦੇ ਵਿਚ ਜਲਾਲਾਬਾਦ ਦੀ ਅਦਾਲਤ ਵਿਚ ਪੇਸ਼ ਕੀਤਾ। ਸਰਕਾਰੀ ਵਕੀਲ ਬਲਜੀਤ ਸਿੰਘ ਨੇ ਅਦਾਲਤ ਵਿਚ ਸਰਕਾਰ ਦਾ ਪੱਖ ਰੱਖੇ ਹੋਏ ਕਿਹਾ ਕਿ ਪੁਲਿਸ ਉਕਤ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਗੁਰਦੇਵ ਸਿੰਘ ਵੱਲੋਂ ਲਏ ਗਏ ਲੋਨ ਤੇ ਖਹਿਰਾ ਦੇ ਪਾਸਪੋਰਟ ਸਬੰਧੀ ਜਾਂਚ ਕਰਨਾ ਚਾਹੁੰਦੀ ਹੈ, ਇਸ ਲਈ ਖਹਿਰਾ ਦਾ ਹੋਰ ਪੁਲਿਸ ਰਿਮਾਂਡ ਵਧਾਇਆ ਜਾਵੇ।

ਦੂਜੇ ਪਾਸੇ ਖਹਿਰਾ ਦੇ ਵਕੀਲ ਨਿਤਿਨ ਮਿੱਢਾ ਤੇ ਸੰਜੀਵ ਕੰਬੋਜ ਨੇ ਸਰਕਾਰੀ ਵਕੀਲ ਦੀ ਦਲੀਲਾਂ ਦਾ ਵਿਰੋਧ ਕੀਤਾ ਤੇ ਕਿਹਾ ਕਿ ਪੁਲਿਸ 8 ਦਿਨ ਦੇ ਰਿਮਾਂਡ ਦੌਰਾਨ ਖਹਿਰਾ ਤੋਂ ਕੁਝ ਵੀ ਬਰਾਮਦ ਨਹੀਂ ਕਰ ਸਕੀ ਹੈ। ਬਚਾਅ ਪੱਖ ਦੀਆਂ ਦਲੀਲਾਂ ‘ਤੇ ਅਦਾਲਤ ਨੇ ਆਪਣੀ ਸਹਿਮਤੀ ਪ੍ਰਗਟਾਈ ਤੇ ਖਹਿਰਾ ਨੂੰ 27 ਅਕਤੂਬਰ ਤੱਕ ਨਿਆਇਕ ਹਿਰਾਸਤ ਵਿਚ ਨਾਭਾ ਜੇਲ੍ਹ ਭੇਜ ਦਿੱਤਾ ਹੈ।