ਲੁਧਿਆਣਾ : ਅੰਤਰਰਾਸ਼ਟਰੀ ਏਅਰਪੋਰਟ ਹਲਵਾਰਾ ਵਿਖੇ ਅੱਜ ਸਵੇਰੇ ਦਿੱਲੀ ਤੋਂ ਪਹਿਲੀ ਫਲਾਈਟ ਪਹੁੰਚੀ। ਸਵੇਰੇ 7:05 ਵਜੇ ਹਲਵਾਰਾ ਏਅਰਪੋਰਟ ‘ਤੇ ਇਸ ਪਹਿਲੀ ਫਲਾਈਟ ਦੀ ਲੈਂਡਿੰਗ ਹੋਈ। ਏਅਰ ਇੰਡੀਆ ਦੀ ਇਸ ਪਹਿਲੀ ਉਡਾਣ ਰਾਹੀਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ, ਸੰਸਦ ਮੈਂਬਰ ਰਾਜਿੰਦਰ ਗੁਪਤਾ ਅਤੇ ਵਿਕਰਮਜੀਤ ਸਾਹਨੀ ਭਾਜਪਾ ਟੀਮ ਦੇ ਨਾਲ ਹਲਵਾਰਾ ਪੁੱਜੇ।
ਇਸ ਹਵਾਈ ਅੱਡੇ ਤੋਂ ਉਡਾਣਾਂ ਦੀ ਸ਼ੁਰੂਆਤ ਨਾਲ ਹੁਣ ਆਸ-ਪਾਸ ਦੇ ਜ਼ਿਲ੍ਹਿਆਂ ਦੇ ਨਿਵਾਸੀਆਂ ਲਈ ਯਾਤਰਾ ਆਸਾਨ ਹੋਣ ਅਤੇ ਪੰਜਾਬ ਦੇ ਆਰਥਿਕ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਮਿਲਣ ਦੀ ਵੀ ਉਮੀਦ ਹੈ। ਏਅਰ ਇੰਡੀਆ ਲੁਧਿਆਣਾ-ਹਲਵਾਰਾ ਏਅਰਪੋਰਟ ਤੋਂ ਰੋਜ਼ਾਨਾ ਦੋ ਉਡਾਣਾਂ ਚਲਾਏਗੀ। ਦਿੱਲੀ ਤੋਂ ਲੁਧਿਆਣਾ ਤੱਕ ਦਾ ਸਫ਼ਰ ਫਲਾਈਟ ਰਾਹੀਂ ਸਿਰਫ਼ 1.15 ਘੰਟੇ ਵਿੱਚ ਤੈਅ ਹੋਵੇਗਾ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਨੁਸਾਰ, ਯਾਤਰੀਆਂ ਨੂੰ ਫਲਾਈਟ ਦੇ ਸਮੇਂ ਤੋਂ ਘੱਟੋ-ਘੱਟ 90 ਮਿੰਟ ਪਹਿਲਾਂ ਹਵਾਈ ਅੱਡੇ ‘ਤੇ ਪਹੁੰਚਣਾ ਲਾਜ਼ਮੀ ਹੋਵੇਗਾ।
ਕੇਂਦਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਇਸ ਨੂੰ ਲੁਧਿਆਣਾ ਅਤੇ ਪੰਜਾਬ ਦੀ ਆਰਥਿਕਤਾ ਲਈ ਇੱਕ ਇਤਿਹਾਸਕ ਪਲ ਦੱਸਿਆ। ਉਨ੍ਹਾਂ ਕਿਹਾ ਕਿ “ਅੱਜ ਦਾ ਦਿਨ ਪੰਜਾਬ ਅਤੇ ਖਾਸ ਕਰਕੇ ਲੁਧਿਆਣਾ ਵਾਸਤੇ ਬਹੁਤ ਖ਼ਾਸ ਹੈ। ਐਮ.ਪੀ. ਵਿਕਰਮਜੀਤ ਸਾਹਨੀ ਅਤੇ ਐਮ.ਪੀ. ਰਜਿੰਦਰ ਗੁਪਤਾ ਦੇ ਨਾਲ ਹਲਵਾਰਾ ਏਅਰਪੋਰਟ ਦੀ ਪਹਿਲੀ ਇਤਿਹਾਸਕ ਉਡਾਣ ਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ।”
ਉਨ੍ਹਾਂ ਕਿਹਾ ਕਿ “ਲੁਧਿਆਣਾ ਵਾਸੀਆਂ ਦੀ 30 ਸਾਲ ਪੁਰਾਣੀ ਮੰਗ ਅੱਜ ਹਕੀਕਤ ਬਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਕੇਂਦਰ ਸਰਕਾਰ ਦਾ ਇਹ ਵੱਡਾ ਤੋਹਫ਼ਾ ਲੁਧਿਆਣਾ ਦੀ ਇੰਡਸਟਰੀ, ਵਪਾਰ ਅਤੇ ਨਿਰਯਾਤ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਵੇਗਾ। ਹੁਣ ਪੰਜਾਬ ਦੀ ਤਰੱਕੀ ਨੂੰ ਖੰਭ ਲੱਗਣਗੇ।”
ਇਕ ਹੋਰ ਟਵੀਟ ਚ ਉਨ੍ਹਾਂ ਕਿਹਾ ਕਿ “ਅੱਜ ਹਲਵਾਰਾ ਏਅਰਪੋਰਟ ‘ਤੇ ਉਤਰਦਿਆਂ ਜੋ ਸਕੂਨ ਅਤੇ ਮਾਣ ਮਹਿਸੂਸ ਹੋਇਆ, ਉਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਲੁਧਿਆਣਾ ਵਾਸੀਆਂ ਵੱਲੋਂ ਮਿਲੇ ਨਿੱਘੇ ਸਵਾਗਤ ਅਤੇ ਪਿਆਰ ਲਈ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ।ਇਹ ਸਿਰਫ਼ ਮੇਰਾ ਸਵਾਗਤ ਨਹੀਂ, ਸਗੋਂ ਲੁਧਿਆਣਾ ਦੀ ਤਰੱਕੀ ਦਾ ਸਵਾਗਤ ਹੈ। 30 ਸਾਲਾਂ ਬਾਅਦ ਸਾਡਾ ਸ਼ਹਿਰ ਹਵਾਈ ਮਾਰਗ ਰਾਹੀਂ ਦੇਸ਼ ਦੀ ਰਾਜਧਾਨੀ ਨਾਲ ਜੁੜ ਗਿਆ ਹੈ। ਹੁਣ ਸਾਡੀ ਇੰਡਸਟਰੀ ਅਤੇ ਵਪਾਰ ਦੁਨੀਆ ਭਰ ਵਿੱਚ ਉਡਾਣ ਭਰਨਗੇ।”














