ਬ੍ਰਿਟੇਨ : ਲੰਡਨ ਵਿੱਚ ਦੋ ਰੇਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ 80 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਅਤੇ ਟ੍ਰੇਨ ਦੇ ਡਰਾਈਵਰ ਦੀ ਮੌਤ ਹੋ ਗਈ। ਜ਼ਖਮੀਆਂ ਵਿੱਚੋਂ 11 ਲੋਕਾਂ ਦੀ ਹਾਲਤ ਬੇਹੱਦ ਗੰਭੀਰ ਹੈ, ਜਦਕਿ 22 ਹੋਰ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇਹ ਹਾਦਸਾ ਲੰਡਨ ਦੇ ਉੱਤਰੀ ਹਿੱਸੇ ਵਿੱਚ ਸਥਿਤ ਬੈਡਫੋਰਡ ਇਲਾਕੇ ਵਿੱਚ ਹੋਇਆ।
ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਰੈਸਕਿਊ ਕੀਤਾ ਗਿਆ। ਇੱਕ ਯਾਤਰੀ ਨੇ ਦੱਸਿਆ ਕਿ ਟੱਕਰ ਕਾਰਨ ਉਹ ਅੱਗੇ ਵੱਲ ਨੂੰ ਉਛਲ ਗਿਆ। ਇਸ ਤੋਂ ਬਾਅਦ ਉਸਨੇ ਦੇਖਿਆ ਕਿ ਨਾਲ ਸਫ਼ਰ ਕਰ ਰਹੇ ਲੋਕਾਂ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਸਨ ਅਤੇ ਉਹ ਖੂਨ ਨਾਲ ਲੱਥਪੱਥ ਸਨ।
ਰੇਲ ਟ੍ਰੈਕਿੰਗ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਦੋਵੇਂ ਟ੍ਰੇਨਾਂ ਲੰਡਨ ਦੇ ਸੇਂਟ ਪੈਨਕ੍ਰਾਸ ਸਟੇਸ਼ਨ ਵੱਲ ਦੱਖਣ ਦਿਸ਼ਾ ਵੱਲ ਜਾ ਰਹੀਆਂ ਸਨ। ਬੈਡਫੋਰਡ ਸ਼ਹਿਰ ਦੇ ਬਾਹਰ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ ਕਰੀਬ 5:15 ਵਜੇ ਦੋਵਾਂ ਟ੍ਰੇਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇੱਕ ਟ੍ਰੇਨ ਖੜ੍ਹੀ ਸੀ ਅਤੇ ਦੂਜੀ ਨੇ ਪਿੱਛੇ ਤੋਂ ਆ ਕੇ ਉਸਨੂੰ ਟੱਕਰ ਮਾਰ ਦਿੱਤੀ। ਹਾਦਸੇ ਦੇ ਸਮੇਂ ਟ੍ਰੇਨ ਦੀ ਰਫ਼ਤਾਰ ਬਹੁਤ ਜ਼ਿਆਦਾ ਨਹੀਂ ਸੀ, ਪਰ ਇਸਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ।
ਐਮਰਜੈਂਸੀ ਸੇਵਾਵਾਂ ਨੇ ਮੌਕੇ ‘ਤੇ ਏਅਰ ਐਂਬੂਲੈਂਸ ਅਤੇ ‘ਈਸਟ ਆਫ਼ ਇੰਗਲੈਂਡ ਐਂਬੂਲੈਂਸ ਸਰਵਿਸ’ ਦੀ ਹੈਜ਼ਰਡਸ ਇੰਸੀਡੈਂਟ ਟੀਮ (Hazards Incident Team) ਸਮੇਤ ਕਈ ਟੀਮਾਂ ਨੂੰ ਭੇਜਿਆ, ਜਿਨ੍ਹਾਂ ਨੇ ਜ਼ਖਮੀਆਂ ਨੂੰ ਰੈਸਕਿਊ ਕੀਤਾ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਸਾਨੂੰ ਪਤਾ ਲੱਗਾ ਹੈ ਕਿ ਕਈ ਲੋਕ ਜ਼ਖਮੀ ਹੋਏ ਹਨ ਅਤੇ ਬਹੁਤ ਦੁੱਖ ਦੀ ਗੱਲ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਇਸਨੂੰ ਇੱਕ ਵੱਡੀ ਘਟਨਾ ਐਲਾਨਿਆ ਹੈ, ਅਤੇ ਅਧਿਕਾਰੀ ਬੈਡਫੋਰਡਸ਼ਾਇਰ ਪੁਲਿਸ ਅਤੇ ਲੋਕਲ ਫਾਇਰ ਐਂਡ ਰੈਸਕਿਊ ਅਤੇ ਐਂਬੂਲੈਂਸ ਸਰਵਿਸ ਦੇ ਸਾਥੀਆਂ ਨਾਲ ਮੌਕੇ ‘ਤੇ ਕਾਰਵਾਈ ਕਰ ਰਹੇ ਹਨ।”














