ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਵਧਦਾ ਹੀ ਜਾ ਰਿਹਾ ਹੈ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਈਰਾਨ ਲਈ ਆਪਣੀ ਸਮਾਂ ਸੀਮਾ ਵਧਾ ਦਿੱਤੀ ਹੈ। ਟਰੰਪ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜੇਕਰ ਈਰਾਨ ਜਲਦੀ ਹੀ ਹੋਰਮੁਜ਼ ਜਲਡਮਰੂ ਨੂੰ ਨਹੀਂ ਖੋਲ੍ਹਦਾ ਅਤੇ ਸਮਝੌਤਾ ਨਹੀਂ ਕਰਦਾ ਹੈ, ਤਾਂ ਉਸਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ: “ਮੰਗਲਵਾਰ ਰਾਤ 8 ਵਜੇ (ਈਸਟਰਨ ਟਾਈਮ)”। ਇਸ ਪੋਸਟ ਤੋਂ ਬਾਅਦ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਸਮਾਂ ਕਿਸੇ ਸੰਭਾਵੀ ਕਾਰਵਾਈ ਜਾਂ ਹਮਲੇ ਦਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਸਖ਼ਤ ਭਾਸ਼ਾ ਵਿੱਚ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਨੇ ਹੋਰਮੁਜ਼ ਜਲਡਮਰੂ ਨਹੀਂ ਖੋਲ੍ਹਿਆ, ਤਾਂ ਅਮਰੀਕਾ ਉਸਦੀ ਊਰਜਾ ਅਤੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਪਸ਼ਬਦਾਂ ਨਾਲ ਭਰੀ ਇੱਕ ਪੋਸਟ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਇਰਾਨ ਨੇ ਸਮਝੌਤੇ ਲਈ ਦਿੱਤੇ ਗਏ ਨਵੇਂ ਅਲਟੀਮੇਟਮ ਦੀ ਸਮਾਂ ਸੀਮਾ ਖ਼ਤਮ ਹੋਣ ਤੱਕ ਹੋਰਮੂਜ਼ ਸਟ੍ਰੇਟ ਨੂੰ ਦੁਬਾਰਾ ਨਾ ਖੋਲ੍ਹਿਆ, ਤਾਂ ਅਮਰੀਕਾ ਉਸ ਦੇ ਪਾਵਰ ਪਲਾਂਟਾਂ ਅਤੇ ਪੁਲਾਂ ‘ਤੇ ਹਮਲਾ ਕਰੇਗਾ। ਰਾਸ਼ਟਰਪਤੀ ਨੇ ਲਿਖਿਆ, “ਮੰਗਲਵਾਰ ਨੂੰ ਇਰਾਨ ਵਿੱਚ ‘ਪਾਵਰ ਪਲਾਂਟ ਡੇ’ ਅਤੇ ‘ਬ੍ਰਿਜ ਡੇ’, ਸਭ ਇੱਕੋ ਵੇਲੇ ਹੋਵੇਗਾ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ। ਹੋਰਮੂਜ਼ ਸਟ੍ਰੇਟ ਖੋਲ੍ਹੋ, ਤੁਸੀਂ ਪਾਗਲੋ, ਨਹੀਂ ਤਾਂ ਤੁਸੀਂ ਨਰਕ ਵਿੱਚ ਰਹੋਗੇ।” ਆਪਣੀ ਅਗਲੀ ਪੋਸਟ ਵਿੱਚ ਟਰੰਪ ਨੇ ਲਿਖਿਆ, “ਮੰਗਲਵਾਰ, ਰਾਤ 8:00 ਵਜੇ!” ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਇਰਾਨ ਨੂੰ ਦਿੱਤੀ ਗਈ ਸਮਾਂ ਸੀਮਾ ਨੂੰ ਵਧਾ ਦਿੱਤਾ ਹੈ, ਜੋ ਪਹਿਲਾਂ ਸੋਮਵਾਰ ਤੱਕ ਸੀ, ਪਰ ਉਨ੍ਹਾਂ ਨੇ ਇਸ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ।
ਦੱਸ ਦਈਏ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ। ਜਦੋਂ ਕਿ ਗੱਲਬਾਤ ਲਈ ਕੋਸ਼ਿਸ਼ਾਂ ਜਾਰੀ ਹਨ, ਸਖ਼ਤ ਬਿਆਨਬਾਜ਼ੀ ਅਤੇ ਫੌਜੀ ਕਾਰਵਾਈ ਦੀ ਧਮਕੀ ਵਧ ਰਹੀ ਹੈ। ਇਸ ਪੂਰੇ ਮਾਮਲੇ ਵਿੱਚ ਆਉਣ ਵਾਲੇ ਦਿਨ ਮਹੱਤਵਪੂਰਨ ਮੰਨੇ ਜਾ ਰਹੇ ਹਨ।
ਹਾਲਾਂਕਿ ਦੂਜੇ ਪਾਸੇ, ਇਰਾਨ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਵਧੇ ਤਾਂ ਉਹ ਗਲੋਬਲ ਸਪਲਾਈ ਚੇਨ ਨੂੰ ਠੱਪ ਕਰ ਦੇਵੇਗਾ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਰਾਨ ਨੇ ਕਿਹਾ ਹੈ ਕਿ ਉਹ ਹੋਰਮੂਜ਼ ਤੋਂ ਇਲਾਵਾ ਦੂਜੇ ਸਮੁੰਦਰੀ ਰਸਤਿਆਂ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ। ਇਰਾਨੀ ਸੁਪਰੀਮ ਲੀਡਰ ਦੇ ਸਲਾਹਕਾਰ ਅਲੀ ਅਕਬਰ ਵੇਲਾਇਤੀ ਨੇ ਕਿਹਾ ਕਿ ਕਿਸੇ ਵੀ ਵੱਡੀ ਕਾਰਵਾਈ ਦਾ ਜਵਾਬ ਸਿਰਫ਼ ਫੌਜੀ ਪੱਧਰ ‘ਤੇ ਨਹੀਂ, ਸਗੋਂ ਵਿਸ਼ਵ ਊਰਜਾ ਅਤੇ ਵਪਾਰ ‘ਤੇ ਅਸਰ ਪਾ ਕੇ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਿਰਫ਼ ਹੋਰਮੂਜ਼ ਸਟ੍ਰੇਟ ਹੀ ਨਹੀਂ, ਸਗੋਂ ਬਾਬ-ਅਲ-ਮੰਦੇਬ ਵਰਗੇ ਅਹਿਮ ਸਮੁੰਦਰੀ ਰਸਤੇ ਵੀ ਖ਼ਤਰੇ ਵਿੱਚ ਆ ਸਕਦੇ ਹਨ।














