ਪੰਜਾਬ ਸਰਕਾਰ ਨੇ ਨੌਕਰੀ ਲਈ ਲੰਮੇ ਸਮੇਂ ਤੋਂ ਖੱਜਲ-ਖੁਆਰ ਹੋ ਰਹੇ ਪੈਰਾ-ਕਰਾਟੇ ਐਥਲੀਟ ਤਰੁਣ ਸ਼ਰਮਾ ਦੀ ਗੁਹਾਰ ਸੁਣ ਲਈ ਹੈ। ਪੰਜਾਬ ਸਰਕਾਰ ਨੇ ਅਧਰੰਗ ਹੋਣ ਦੇ ਬਾਵਜੂਦ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪੈਰਾ-ਕਰਾਟੇ ਚੈਂਪੀਅਨਸ਼ਿਪ ‘ਚ 18 ਗੋਲਡ ਮੈਡਲ ਜਿੱਤਣ ਵਾਲੇ ਖੰਨਾ ਦੇ ਰਹਿਣ ਵਾਲੇ ਤਰੁਣ ਸ਼ਰਮਾ ਨੂੰ ਨੌਕਰੀ ਦਿੱਤੀ ਹੈ।
ਤਰੁਣ ਸ਼ਰਮਾ ਨੂੰ ਪੰਜਾਬ ਸਰਕਾਰ ਨੇ ਨਗਰ ਕੌਂਸਲ ਖੰਨਾ ਵਿਚ ਕਲਰਕ ਦੀ ਨੌਕਰੀ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਤਰੁਣ ਸ਼ਰਮਾ ਨੇ ਸਰਕਾਰ ਦਾ ਧੰਨਵਾਦ ਕੀਤਾ। ਅੱਜ ਦੁਪਹਿਰ ਨੂੰ ਵਿਧਾਇਕ ਤਰਨਪ੍ਰੀਤ ਸਿੰਘ ਸੋਦ ਉਸ ਨੂੰ ਨਿਯੁਕਤੀ ਪੱਤਰ ਸੌਂਪ ਕੇ ਅਧਿਕਾਰਤ ਤੌਰ ‘ਤੇ ਜੁਆਇਨ ਕਰਵਾਉਣਗੇ।
ਦੱਸ ਦੇਈਏ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਗੋਲਡ ਮੈਡਲ ਜਿੱਤ ਚੁੱਕੇ ਖਿਡਾਰੀ ਤਰੁਣ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਸਨ ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸੀ। ਜਿਸ ‘ਤੇ ਤਰੁਣ ਸ਼ਰਮਾ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਤਿੰਨ ਦਿਨ ਪਹਿਲਾਂ ਡੀਸੀ ਦਫ਼ਤਰ ਦੇ ਸਾਹਮਣੇ ਬੂਟ ਪਾਲਿਸ਼ ਕਰਨ ਦਾ ਕੰਮ ਸ਼ੁਰੂ ਕੀਤਾ ਸੀ।
ਮੁੱਖ ਮੰਤਰੀ ਨੂੰ ਦਿੱਤਾ ਸੀ 8 ਦਿਨਾਂ ਦਾ ਅਲਟੀਮੇਟਮ
ਤਰੁਣ ਸ਼ਰਮਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ 8 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਸੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਨਾ ਦਿੱਤੀ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਜਾ ਕੇ ਬੈਠਣਗੇ।














