ਪੰਜਾਬ ਵਿੱਚ ਵਿਆਹਾਂ ਸਮਾਗਮਾਂ ਜਾਂ ਖੁਸ਼ੀ ਦੇ ਹੋਰਨਾਂ ਮੌਕਿਆਂ ’ਤੇ ਮਹਿੰਗੇ ਸਮਾਗਮ ਕਰਨ ਵਾਲੇ ਵਿਅਕਤੀਆਂ ਨੂੰ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਲਈ ਫੋਨ ਕਾਲਾਂ ਅਤੇ ਵਟਸਐਪ ਸੁਨੇਹੇ ਭੇਜੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਖਬਰਾਂ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਗੈਂਗਸਟਰਾਂ ਵੱਲੋਂ ਪੰਜਾਬ ਭਰ ’ਚ 525 ਦੇ ਕਰੀਬ ਫੋਨ ਕਾਲਾਂ ਕੀਤੀਆਂ ਗਈਆਂ ਅਤੇ ਸੁਨੇਹੇ ਭੇਜੇ ਗਏ। ਗੈਂਗਸਟਰਾਂ ਵੱਲੋਂ ਜਿਨ੍ਹਾਂ ਵਿਅਕਤੀਆਂ ਕੋਲੋਂ ਫਿਰੌਤੀ ਮੰਗੀ ਗਈ ਹੈ ਉਨ੍ਹਾਂ ਵਿੱਚ ਜ਼ਿਆਦਾਤਰ ਅਜਿਹੇ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਨੇ ਆਪਣੇ ਪੁੱਤ ਜਾਂ ਧੀ ਦੇ ਵਿਆਹ ਮੌਕੇ ਵੱਡਾ ਸਮਾਗਮ ਕੀਤਾ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦੇ ਮਹਿੰਗੇ ਖਰਚ ਕਾਰਨ ਉਹ ਅਪਰਾਧੀ ਤੱਤਾਂ ਦੀ ਨਜ਼ਰ ਵਿੱਚ ਆ ਗਏ। ਗੈਂਗਸਟਰਾਂ ਵੱਲੋਂ ਇਨ੍ਹਾਂ ਸਮਾਗਮਾਂ ਦੀ ‘ਰੇਕੀ’ ਕੀਤੀ ਜਾਂਦੀ ਹੈ ਅਤੇ ਫਿਰ ਵਿਆਹ ਸਮਾਗਮ ਕਰਨ ਵਾਲੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਪੰਜਾਬ ਦੇ ਇੱਕ ਸੇਵਾਮੁਕਤ ਆਈਏਐੱਸ ਅਧਿਕਾਰੀ ਦੀ ਧੀ ਨਾਲ ਵੀ ਵਾਪਰਿਆ ਹੈ। ਇਸ ਪਰਿਵਾਰ ਵੱਲੋਂ ਲੋਹੜੀ ਮੌਕੇ ਵੱਡਾ ਸਮਾਗਮ ਕੀਤਾ ਗਿਆ ਤਾਂ ਗੈਂਗਸਟਰਾਂ ਨੇ ਉਸ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗ ਲਈ। ਜਿਨ੍ਹਾਂ ਵਿਅਕਤੀਆਂ ਕੋਲੋਂ ਗੈਂਗਸਟਰਾਂ ਨੇ ਫਿਰੌਤੀ ਮੰਗੀ ਉਨ੍ਹਾਂ ਨੇ ਪੁਲੀਸ ਕੋਲ ਪਹੁੰਚ ਵੀ ਕੀਤੀ। ਪੁਲੀਸ ਨੇ ਇੱਕ ਸਾਲ ਵਿੱਚ 200 ਤੋਂ ਵੱਧ ਕੇਸ ਦਰਜ ਕੀਤੇ ਹਨ। ਪੰਜਾਬ ਵਿੱਚ ਫਿਰੌਤੀ ਮੰਗਣ ਦੇ ਮਾਮਲੇ ਸਭ ਤੋਂ ਵੱਧ ਫਿਰੋਜ਼ਪੁਰ ਰੇਂਜ ਵਿੱਚ ਸਾਹਮਣੇ ਆਏ ਹਨ। ਇਸ ਰੇਂਜ ਵਿੱਚ 82 ਮਾਮਲੇ, ਫਰੀਦਕੋਟ ਵਿੱਚ 78, ਰੂਪਨਗਰ ਰੇਂਜ ਵਿੱਚ 69, ਸਰਹੱਦੀ ਰੇਂਜ ’ਚ 64, ਜਲੰਧਰ ਸ਼ਹਿਰ ’ਚ 46, ਜਲੰਧਰ ਰੇਂਜ ’ਚ 46, ਲੁਧਿਆਣਾ ਰੇਂਜ ’ਚ 38, ਬਠਿੰਡਾ ਰੇਂਜ ਵਿੱਚ 32, ਲੁਧਿਆਣਾ ਸ਼ਹਿਰ ਵਿੱਚ 29, ਪਟਿਆਲਾ ਰੇਂਜ ਵਿੱਚ 18 ਅਤੇ ਸਭ ਤੋਂ ਘੱਟ ਅੰਮ੍ਰਿਤਸਰ ਸ਼ਹਿਰ ਵਿੱਚ 10 ਮਾਮਲੇ ਸਾਹਮਣੇ ਆਏ ਸਨ। ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਮਾਮਲੇ ਸਿਰਫ਼ ਉਹ ਹਨ ਜਿੱਥੇ ਲੋਕਾਂ ਨੇ ਪੁਲੀਸ ਕੋਲ ਪਹੁੰਚ ਕੀਤੀ ਹੈ ਪਰ ਬਹੁਤ ਸਾਰੇ ਮਾਮਲੇ ਅਜਿਹੇ ਵੀ ਹੁੰਦੇ ਹਨ ਜਿੱਥੇ ਗੈਂਗਸਟਰ ਫਿਰੌਤੀ ਲੈਣ ’ਚ ਕਾਮਯਾਬ ਹੋ ਜਾਂਦੇ ਹਨ ਅਤੇ ਅਜਿਹੇ ਮਾਮਲੇ ਪੁਲੀਸ ਰਿਕਾਰਡ ਦਾ ਹਿੱਸਾ ਨਹੀਂ ਬਣਦੇ।