ਲੋਕ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਇਸ ਵਿਚਾਲੇ ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਪੰਜਾਬ ਦੀ ਲੋਕ ਸਭਾ ਸੀਟ ਅੰਮ੍ਰਿਤਸਰ ਤੋਂ ਭਾਜਪਾ ਦੇ ਪ੍ਰਮੁੱਖ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ।
ਸਾਬਕਾ ਰਾਜਦੂਤ ਪਿਛਲੇ ਮਹੀਨੇ ਵਿਦੇਸ਼ੀ ਸੇਵਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਇਨ੍ਹੀਂ ਦਿਨੀਂ ਅੰਮ੍ਰਿਤਸਰ ਵਿਚ ਹਨ। ਇਸ ਵਿਚਾਲੇ ਚਰਚਾਵਾਂ ਹਨ ਕਿ ਉਹ ਇਸ ਹਲਕੇ ਤੋਂ ਲੋਕ ਸਭਾ ਚੋਣ ਲਈ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ। ਹਾਲਾਂਕਿ ਸੰਧੂ ਨੇ ਫਿਲਹਾਲ ਅਧਿਕਾਰਤ ਤੌਰ ’ਤੇ ਭਾਜਪਾ ਦਾ ਪੱਲਾ ਨਹੀਂ ਫੜਿਆ ਹੈ।
ਸੋਮਵਾਰ ਨੂੰ ਤਰਨਜੀਤ ਸੰਧੂ ਨੇ ਸਰਹੱਦੀ ਖੇਤਰ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਪਿਛਲੇ ਦਿਨਾਂ ਵਿਚ ਉਨ੍ਹਾਂ ਨੇ ਸ਼ਹਿਰ ਦੇ ਉੱਦਮੀਆਂ, ਪੇਸ਼ੇਵਰਾਂ ਅਤੇ ਡਾਕਟਰਾਂ ਨਾਲ ਮੀਟਿੰਗਾਂ ਕੀਤੀਆਂ। ਉਹ ਮੰਦਰਾਂ, ਗੁਰਦੁਆਰਿਆਂ ਅਤੇ ਪ੍ਰਸਿੱਧ ਖਾਣ-ਪੀਣ ਵਾਲੀਆਂ ਥਾਵਾਂ ‘ਤੇ ਵੀ ਜਾ ਰਹੇ ਹਨ।
ਅੰਮ੍ਰਿਤਸਰ ਵਿਚ ਅਪਣੀਆਂ ਜੜ੍ਹਾਂ ਰੱਖਣ ਵਾਲੇ ਸੰਧੂ ਦਾ ਪੰਥਕ ਪਿਛੋਕੜ ਹੈ। ਤਰਨਜੀਤ ਸਿੰਘ ਸੰਧੂ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕਾਂ ਵਿਚੋਂ ਇਕ ਸਨ, ਜਦਕਿ ਉਨ੍ਹਾਂ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਜੀਐਨਡੀਯੂ ਦੇ ਸਾਬਕਾ ਵਾਈਸ-ਚਾਂਸਲਰ ਹਨ। 2019 ਵਿਚ, ਭਾਜਪਾ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਇਕ ਹੋਰ ਸਾਬਕਾ ਡਿਪਲੋਮੈਟ, ਕੇਂਦਰੀ ਮੰਤਰੀ ਹਰਦੀਪ ਪੁਰੀ ਸਨ, ਜੋ ਕਿ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੋਂ ਹਾਰ ਗਏ ਸਨ।