ਬ੍ਰਿਟੇਨ ਵਿੱਚ ਆਮ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਇਤਿਹਾਸਿਕ ਬਹੁਮਤ ਮਿਲ ਗਿਆ ਹੈ। ਲੇਬਰ ਪਾਰਟੀ ਦੀ ਜਿੱਤ ਵਿੱਚ ਉੱਥੇ ਰਹਿਣ ਵਾਲੇ ਪੰਜਾਬੀਆਂ ਦਾ ਵੀ ਅਹਿਮ ਯੋਗਦਾਨ ਹੈ। ਜਿਸਦੇ ਨਾਲ ਜਲੰਧਰ ਮੂਲ ਦੇ ,ਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਸਾਂਸਦ ਬਣ ਗਏ ਹਨ। ਉਨ੍ਹਾਂ ਨੇ ਇੰਡੀਪੈਂਡੈਂਟ ਨੈਟਵਰਕ ਦੇ ਅਜ਼ਹਰ ਚੌਹਾਨ ਨੂੰ ਹਰਾਇਆ। ਇੰਗਲੈਂਡ ਦੇ ਗ੍ਰੇਵਸ਼ੈਮ ਸ਼ਹਿਰ ਵਿੱਚ ਯੂਰਪ ਦੇ ਸਭ ਤੋਂ ਨੌਜਵਾਨ ਸਿੱਖ ਮੇਅਰ ਬਣਨ ਵਾਲੇ ਤਨਮਨਜੀਤ ਸਿੰਘ ਢੇਸੀ ਬ੍ਰਿਟੇਨ ਦੀ ਸੰਸਦ ਦੇ ਪਹਿਲੇ ਸਿੱਖ ਸਾਂਸਦ ਵੀ ਬਣ ਚੁੱਕੇ ਹਨ।
ਢੇਸੀ ਨੇ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਮਗਰੋਂ ਸਲੋਹ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਲੋਹ ਦੇ ਲੋਕਾਂ ਨੇ ਮੈਨੂੰ ਮੁੜ ਐਮ ਪੀ ਬਣਾ ਕੇ ਵੱਡਾ ਮਾਣ ਬਖਸ਼ਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਮੈਨੂੰ ਇਸ ਜਿੱਤ ਲਈ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਲੋਕਾਂ ਨੇ ਬਦਲਾਅ, ਏਕਤਾ ਅਤੇ ਤਰੱਕੀ ਲਈ ਵੋਟ ਦਿੱਤੀ ਹੈ, ਜਿਸ ਲਈ ਅਸੀਂ ਸਖ਼ਤ ਮਿਹਨਤ ਕਰਾਂਗਾ। ਉਨ੍ਹਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਦੇ ਯਤਨਾਂ ਅਤੇ ਟੀਮ ਵਰਕ ਨਾਲ ਇਹ ਸੰਭਵ ਹੋਇਆ।”
ਦੱਸ ਦੇਈਏ ਕਿ ਬ੍ਰਿਟੇਨ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ, ਪਰ ਤਸਵੀਰ ਲਗਭਗ ਸਾਫ ਹੋ ਗਈ ਹੈ। ਲੇਬਰ ਪਾਰਟੀ ਭਾਰੀ ਬਹੁਮਤ ਦੇ ਨਾਲ ਬ੍ਰਿਟੇਨ ਦੀ ਸੱਤਾ ‘ਤੇ ਕਾਬਿਜ ਹੋਣ ਜਾ ਰਹੀ ਹੈ ਤੇ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋ ਸਕਦੇ ਹਨ। ਮੌਜੂਦਾ ਪੀਐੱਮ ਰਿਸ਼ੀ ਸੁਨਕ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਨਾਲ ਹੀ ਉਨ੍ਹਾਂ ਨੇ ਕੀਰ ਸਟਾਰਮਰ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਹੈ।