ਨਵੀ ਦਿੱਲੀ : ਟੀ20 ਵਰਲਡ ਕੱਪ ਦੇ ਵਿਚਕਾਰ ਟੀਮ ਇੰਡੀਆ ਦੇ ਵਿਸਫੋਟਕ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਲੈ ਕੇ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਅਭਿਸ਼ੇਕ ਸ਼ਰਮਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਭਾਰਤ ਦਾ ਅਗਲਾ ਟੀ20 ਮੁਕਾਬਲਾ 12 ਫਰਵਰੀ ਨੂੰ ਨਾਮੀਬੀਆ ਦੇ ਖਿਲਾਫ ਹੈ। ਇਸ ਮੈਚ ਵਿੱਚ ਅਭਿਸ਼ੇਕ ਸ਼ਰਮਾ ਦਾ ਖੇਡਣਾ ਮੁਸ਼ਕਲ ਦਿਖਾਈ ਦੇ ਰਿਹਾ ਹੈ।

ਮੀਡੀਆ ਰਿਪੋਰਟਸ ਮੁਤਾਬਿਕ ਅਭਿਸ਼ੇਕ ਸ਼ਰਮਾ ਨੂੰ ਪੇਟ ਵਿੱਚ ਇਨਫੈਕਸ਼ਨ ਹੋਈ ਹੈ ਅਤੇ ਉਨ੍ਹਾਂ ਨੂੰ ਬੁਖਾਰ ਵੀ ਹੈ। ਐਤਵਾਰ ਨੂੰ ਮੁੱਖ ਕੋਚ ਗੌਤਮ ਗੰਭੀਰ ਦੇ ਘਰ ਹੋਏ ਟੀਮ ਡਿਨਰ ਦੌਰਾਨ ਵੀ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਲੱਗ ਰਹੀ ਸੀ। ਉਹ ਥੋੜ੍ਹੀ ਦੇਰ ਵਿੱਚ ਹੀ ਉੱਥੋਂ ਚਲੇ ਗਏ ਸਨ। ਸੋਮਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਮੰਗਲਵਾਰ ਨੂੰ ਵੀ ਉਹ ਉੱਥੇ ਹੀ ਦਾਖਲ ਰਹੇ। ਫਿਲਹਾਲ ਟੀਮ ਮੈਨੇਜਮੈਂਟ ਉਨ੍ਹਾਂ ਦੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ। ਜੇਕਰ ਅਭਿਸ਼ੇਕ ਫਿੱਟ ਨਹੀਂ ਹੁੰਦੇ, ਤਾਂ ਸੰਜੂ ਸੈਮਸਨ, ਇਸ਼ਾਨ ਕਿਸ਼ਨ ਦੇ ਨਾਲ ਓਪਨਿੰਗ ਕਰ ਸਕਦੇ ਹਨ।

ਸੰਜੂ ਸੈਮਸਨ ਨੂੰ ਟੀ-20 ਵਿਸ਼ਵ ਕੱਪ ਟੀਮ ਵਿੱਚ ਓਪਨਰ ਵਜੋਂ ਚੁਣਿਆ ਗਿਆ ਸੀ, ਪਰ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਲੜੀ ਵਿੱਚ ਬੁਰੀ ਤਰ੍ਹਾਂ ਅਸਫਲ ਰਹਿਣ ਤੋਂ ਬਾਅਦ, ਉਹ ਬੈਕਅੱਪ ਓਪਨਰ ਬਣ ਗਏ। ਜੇਕਰ ਨਾਮੀਬੀਆ ਦੇ ਖਿਲਾਫ ਉਨ੍ਹਾਂ ਨੂੰ ਖੇਡਣ ਦਾ ਮੌਕਾ ਮਿਲਦਾ ਹੈ, ਤਾਂ ਉਹ ਇਸਦਾ ਪੂਰਾ ਫਾਇਦਾ ਉਠਾਉਣਾ ਚਾਹੁਣਗੇ।

ਦੂਜੇ ਪਾਸੇ, ਅਭਿਸ਼ੇਕ ਸ਼ਰਮਾ ਦੇ ਬਾਹਰ ਹੋਣ ਤੋਂ ਬਾਅਦ ਤੇਜ਼ੀ ਨਾਲ ਦੌੜਾਂ ਬਣਾਉਣ ਦਾ ਦਬਾਅ ਇਸ਼ਾਨ ਕਿਸ਼ਨ ‘ਤੇ ਹੋਵੇਗਾ, ਜੋ ਇਸ ਸਮੇਂ ਜ਼ਬਰਦਸਤ ਫਾਰਮ ਵਿੱਚ ਹਨ। ਇਸ਼ਾਨ ਕਿਸ਼ਨ ਨੇ ਨਿਊਜ਼ੀਲੈਂਡ ਦੇ ਖਿਲਾਫ ਬੱਲੇ ਨਾਲ ਕਾਫੀ ਤਬਾਹੀ ਮਚਾਈ ਸੀ। ਫਿਲਹਾਲ ਟੀਮ ਇੰਡੀਆ ਨਾਮੀਬੀਆ ਖਿਲਾਫ ਮੈਚ ਤੋਂ ਪਹਿਲਾਂ ਅਭਿਸ਼ੇਕ ਸ਼ਰਮਾ ਦੀ ਫਿਟਨੈਸ ਰਿਪੋਰਟ ਦੀ ਉਡੀਕ ਕਰ ਰਹੀ ਹੈ, ਉਸ ਤੋਂ ਬਾਅਦ ਹੀ ਕੁਝ ਫੈਸਲਾ ਲਿਆ ਜਾਵੇਗਾ।