ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ੱਕੀ ਡਰੋਨ ਨਜ਼ਰ ਆਉਣ ਤੋਂ ਬਾਅਦ ਹੜਕੰਪ ਮਚ ਗਿਆ। ਏਅਰਪੋਰਟ ਦੇ ਆਪਰੇਸ਼ਨਲ ਏਰੀਏ ਵਿੱਚ 2 ਤੋਂ 4 ਸ਼ੱਕੀ ਡਰੋਨ ਦੇਖੇ ਜਾਣ ਦੀ ਜਾਣਕਾਰੀ ਮਿਲੀ ਹੈ। ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਸਾਵਧਾਨੀ ਵਜੋਂ ਅੰਮ੍ਰਿਤਸਰ ਆਉਣ ਵਾਲੀਆਂ 7 ਉਡਾਣਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਵੱਲ ਡਾਇਵਰਟ ਕਰ ਦਿੱਤਾ ਗਿਆ।
ਰਨਵੇਅ ਦੇ ਨੇੜੇ ਨਜ਼ਰ ਆਏ ਸ਼ੱਕੀ ਡਰੋਨ
ਜਾਣਕਾਰੀ ਮੁਤਾਬਕ ਸ਼ੱਕੀ ਡਰੋਨ ਜਾਂ ਉੱਡਦੀਆਂ ਵਸਤੂਆਂ ਪਿੰਡ ਰਜਾਲਾ ਵੱਲੋਂ ਏਅਰਪੋਰਟ ਦੀ ਦਿਸ਼ਾ ਵਿੱਚ ਆਉਂਦੀਆਂ ਦਿਖਾਈ ਦਿੱਤੀਆਂ। ਇਹ ਡਰੋਨ ਕੁਝ ਮਿੰਟਾਂ ਤੱਕ ਰਨਵੇ ਅਤੇ ਆਲੇ-ਦੁਆਲੇ ਦੇ ਸੰਵੇਦਨਸ਼ੀਲ ਇਲਾਕੇ ਵਿੱਚ ਮੰਡਰਾਉਂਦੇ ਰਹੇ।
ਰਨਵੇ ਦੇ ਨੇੜੇ ਸ਼ੱਕੀ ਗਤੀਵਿਧੀ ਨਜ਼ਰ ਆਉਂਦੇ ਹੀ ਏਅਰ ਟ੍ਰੈਫਿਕ ਕੰਟਰੋਲ (ATC) ਨੇ ਤੁਰੰਤ ਅਲਰਟ ਜਾਰੀ ਕੀਤਾ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਆਉਣ ਵਾਲੀਆਂ ਕੁਝ ਉਡਾਣਾਂ ਦੀ ਲੈਂਡਿੰਗ ਰੋਕ ਦਿੱਤੀ ਗਈ ਅਤੇ ਉਨ੍ਹਾਂ ਦੇ ਰੂਟ ਬਦਲ ਦਿੱਤੇ ਗਏ।
CISF ਤੇ ਪੰਜਾਬ ਪੁਲਿਸ ਅਲਰਟ
ਅੰਮ੍ਰਿਤਸਰ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਗਿਆ। CISF, ਪੰਜਾਬ ਪੁਲਿਸ ਅਤੇ ਹੋਰ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ’ਤੇ ਰੱਖਿਆ ਗਿਆ।
ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪਿੰਡ ਰਜਾਲਾ ਅਤੇ ਏਅਰਪੋਰਟ ਨਾਲ ਲੱਗਦੇ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਸ਼ੁਰੂ ਕੀਤਾ। ਤਕਨੀਕੀ ਟੀਮਾਂ ਵੱਲੋਂ ਰਡਾਰ ਅਤੇ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਡਰੋਨ ਦੇ ਆਪਰੇਟਰ ਅਤੇ ਉਨ੍ਹਾਂ ਦੇ ਰੂਟ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਏਅਰਪੋਰਟ ਪ੍ਰਸ਼ਾਸਨ ਵੱਲੋਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਕੇ ਜਾਂਚ ਕੀਤੀ ਜਾ ਰਹੀ ਹੈ।
7 ਉਡਾਣਾਂ ਕੀਤੀਆਂ ਗਈਆਂ ਡਾਇਵਰਟ
ਇਹ ਘਟਨਾ ਰਾਤ ਕਰੀਬ 10 ਵਜੇ ਦੀ ਦੱਸੀ ਜਾ ਰਹੀ ਹੈ। ATC ਵੱਲੋਂ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਆਉਣ ਵਾਲੀਆਂ 7 ਉਡਾਣਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ।














