ਲੇਖਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਦੇਹਾਂਤ ਹੋਇਆ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਿਹਾ। ਸੁਰਜੀਤ ਪਾਤਰ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਦੱਸਿਆ ਜਾ ਰਿਹਾ ਹੈ ਤੇ ਲੁਧਿਆਣਾ ਵਿਚ ਉਨ੍ਹਾਂ ਨੇ ਆਖਰੀ ਸਾਹ ਲਏ ਹਨ। ਦੱਸ ਦੇਈਏ ਕਿ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945 ਨੂੰ ਹੋਇਆ ਸੀ । ਉਹ ਜਲੰਧਰ ਦੇ ਪਿੰਡ ਪਤਾੜ ਕਲਾਂ ਦੇ ਜੰਮਪਲ ਸਨ। ਆਪਣੀਆਂ ਕਵਿਤਾਵਾਂ ਤੇ ਲਿਖਤਾਂ ਨਾਲ ਉਨ੍ਹਾਂ ਨੇ ਸਾਹਿਤ ਦੇ ਖੇਤਰ ਵਿਚ ਪ੍ਰਸਿੱਧੀ ਹਾਸਲ ਕੀਤੀ ਸੀ। ਪੰਜਾਬ ਯੂਨੀਵਰਸਿਟੀ, ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ, ਪਾਤਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਯੋਗਦਾਨ ਪਾਇਆ ਅਤੇ ਉੱਥੋਂ ਸੇਵਾਮੁਕਤ ਹੋ ਗਏ।
ਸੁਰਜੀਤ ਪਾਤਰ ਨੇ ਸਾਹਿਤ ਦੇ ਖੇਤਰ ‘ਚ ਖਾਸ ਉਪਲੱਬਧੀਆਂ ਹਾਸਲ ਕੀਤੀਆਂ ਹਨ। -2012 ‘ਚ ਪਦਮ ਸ਼੍ਰੀ ਨਾਲ ਕੀਤਾ ਸਨਮਾਨਿਤ, 1979 ‘ਚ ਪੰਜਾਬ ਸਾਹਿਤ ਅਕਾਦਮੀ ਅਵਾਰਡ, 1993 ‘ਚ ਸਾਹਿਤ ਅਕਾਦਮੀ ਅਵਾਰਡ, 1999 ‘ਚ ਪੰਚਾਨੰਦ ਅਵਾਰਡ, 2007 ‘ਚ ਅਨਦ ਕਾਵਯ ਸਨਮਾਨ, 2009 ‘ਚ ਸਰਸਵਤੀ ਸਨਮਾਨ ਤੇ ਗੰਗਾਧਰ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।