ਵਾਸ਼ਿੰਗਟਨ : ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ 58 ਸਾਲ ਦੀ ਉਮਰ ’ਚ ਭਲਕੇ 7 ਮਈ ਨੂੰ ਬਤੌਰ ਪਾਇਲਟ ਤੀਜੀ ਵਾਰ ਪੁਲਾੜ ਦੀ ਉਡਾਣ ਭਰਨ ਲਈ ਤਿਆਰ ਹੈ। ਉਹ ਬੋਇੰਗ ਦੇ ਸਟਾਰਲਾਈਨਰ ਪੁਲਾੜ ਜਹਾਜ਼ ਰਾਹੀਂ ਉਡਾਣ ਭਰੇਗੀ ਜਿਸ ਨੂੰ ਫਲੋਰਿਡਾ ’ਚ ਕੇਪ ਕੈਨਵਰਲ ਦੇ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਛੱਡਿਆ ਜਾਵੇਗਾ।
ਸਟਾਰਲਾਈਨਰ ਵਿਲੀਅਮਜ਼ ਤੇ ਬੁਚ ਵਿਲਮੋਰ ਨੂੰ ਕੌਮਾਂਤਰੀ ਪੁਲਾੜ ਕੇਂਦਰ ਲਿਜਾਵੇਗਾ ਜੋ ਸੰਕਟ ’ਚ ਫਸੇ ਬੋਇੰਗ ਪ੍ਰੋਗਰਾਮ ਲਈ ਇੱਕ ਅਹਿਮ ਤੇ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਕਾਮਯਾਬੀ ਹੋ ਸਕਦੀ ਹੈ। ਕੌਮਾਂਤਰੀ ਜਹਾਜ਼ ਅੱਜ ਸਥਾਨਕ ਸਮੇਂ ਅਨੁਸਾਰ ਰਾਤ 10:34 ਵਜੇ (ਕੌਮਾਂਤਰੀ ਸਮੇਂ ਅਨੁਸਾਰ 7 ਮਈ ਨੂੰ ਸਵੇਰੇ 8.04 ਵਜੇ) ਰਵਾਨਾ ਹੋਵੇਗਾ। ਬੀਬੀਸੀ ਨੇ ਵਿਲੀਅਮਜ਼ ਦੇ ਹਵਾਲੇ ਨਾਲ ਕਿਹਾ, ‘ਅਸੀਂ ਸਾਰੇ ਇੱਥੇ ਹਾਂ ਕਿਉਂਕਿ ਅਸੀਂ ਸਾਰੇ ਤਿਆਰ ਹਾਂ। ਸਾਡੇ ਦੋਸਤਾਂ ਨੇ ਇਸ ਬਾਰੇ ਸੁਣਿਆ ਹੈ ਅਤੇ ਅਸੀਂ ਇਸ ਬਾਰੇ ਗੱਲ ਕੀਤੀ ਹੈ। ਉਹ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਹਨ ਕਿ ਅਸੀਂ ਇਸ ਪ੍ਰਕਿਰਿਆ ਦਾ ਹਿੱਸਾ ਹਾਂ।’ ਪੁਲਾੜ ਜਹਾਜ਼ ਦੇ ਵਿਕਾਸ ’ਚ ਕਈ ਰੁਕਾਵਟਾਂ ਕਾਰਨ ਇਸ ਮੁਹਿੰਮ ’ਚ ਕਈ ਸਾਲਾਂ ਦੀ ਦੇਰੀ ਹੋਈ ਹੈ। ਅਸੀਂ ਜੇਕਰ ਕਾਮਯਾਬ ਹੋ ਜਾਂਦੇ ਹਾਂ ਤਾਂ ਐਲਨ ਮਸਕ ਦੀ ‘ਸਪੇਸਐਕਸ’ ਦੇ ਨਾਲ ਇਹ ਦੂਜੀ ਨਿੱਜੀ ਕੰਪਨੀ ਬਣ ਜਾਵੇਗੀ ਜੋ ਚਾਲਕ ਟੀਮ ਨੂੰ ਕੌਮਾਂਤਰੀ ਪੁਲਾੜ ਕੇਂਦਰ ਤੱਕ ਲਿਜਾਣ ਤੇ ਵਾਪਸ ਲਿਆਉਣ ’ਚ ਸਮਰੱਥ ਹੋਵੇਗੀ।
ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪ੍ਰਸ਼ਾਸਕ ਬਿੱਲ ਨੇਲਸਨ ਨੇ 22 ਮਾਰਚ ਨੂੰ ਇੱਕ ਪੱਤਰਕਾਰ ਸੰਮੇਲਨ ਦੌਰਾਨ ਸਟਾਰਲਾਈਨਰ ਦੀ ਅਗਲੀ ਮੁਹਿੰਮ ਬਾਰੇ ਕਿਹਾ ਸੀ, ‘ਇਤਿਹਾਸ ਬਣਨ ਜਾ ਰਿਹਾ ਹੈ। ਅਸੀਂ ਪੁਲਾੜ ਖੋਜ ਦੇ ਸੁਨਹਿਰੀ ਯੁਗ ’ਚ ਹਾਂ।’ ਨਾਸਾ ਨੇ 1988 ’ਚ ਸੁਨੀਤਾ ਵਿਲੀਅਮਜ਼ ਨੂੰ ਪੁਲਾੜ ਯਾਤਰੀ ਵਜੋਂ ਚੁਣਿਆ ਸੀ ਅਤੇ ਉਸ ਕੋਲ ਦੋ ਪੁਲਾੜ ਮੁਹਿੰਮਾਂ ਦਾ ਤਜਰਬਾ ਹੈ। ਉਸ ਨੇ ਐਕਸਪੀਡਿਸ਼ਨ 32 ਦੀ ਫਲਾਈਟ ਇੰਜਨੀਅਰ ਤੇ ਐਕਸਪੀਡਿਸ਼ਨ 33 ਦੀ ਕਮਾਂਡਰ ਵਜੋਂ ਸੇਵਾ ਦਿੱਤੀ ਸੀ। -ਪੀਟੀਆਈ