ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੀ ਕੋਟਲੀ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਕੁਟਾਲ ਦੀ 28 ਸਾਲਾ ਸੁਮਨ ਕੁਮਾਰੀ ਨੇ ਬੀਐੱਸਐੱਫ ‘ਚ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਦੇਸ਼ ਵਿੱਚ ਬੀਐਸਐਫ ਵਿੱਚ ਕੋਈ ਵੀ ਮਹਿਲਾ ਸਨਾਈਪਰ ਨਹੀਂ ਸੀ। ਸੁਮਨ ਦੀ ਇਸ ਕਾਮਯਾਬੀ ਕਾਰਨ ਉਸਦੇ ਪਰਿਵਾਰ, ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।
ਇਸ ਦੇ ਨਾਲ ਹੀ ਸੂਬੇ ਅਤੇ ਦੇਸ਼ ਨੂੰ ਵੀ ਬੇਟੀ ਦੀ ਬਹਾਦਰੀ ‘ਤੇ ਮਾਣ ਹੈ। ਖਾਸ ਗੱਲ ਇਹ ਹੈ ਕਿ 56 ਪੁਰਸ਼ਾਂ ਦੇ ਗਰੁੱਪ ‘ਚ ਸੁਮਨ ਕੁਮਾਰੀ ਇਕਲੌਤੀ ਮਹਿਲਾ ਸੀ, ਜਿਸ ਨੇ ਸਨਾਈਪਰ ਦੀ ਟ੍ਰੇਨਿੰਗ ਲੈ ਕੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ। ਜਾਣਕਾਰੀ ਮੁਤਾਬਕ 8 ਹਫਤਿਆਂ ਦੀ ਇਹ ਮੁਸ਼ਕਲ ਟ੍ਰੇਨਿੰਗ ਇੰਦੌਰ ਸਥਿਤ ਸੀਮਾ ਸੁਰੱਖਿਆ ਬਲ ਦੇ ਸੈਂਟਰਲ ਆਰਮਾਮੈਂਟ ਐਂਡ ਕੰਬੈਟ ਸਕਿੱਲ ਸਕੂਲ ‘ਚ ਦਿੱਤੀ ਗਈ।
ਸੁਮਨ 2021 ਵਿੱਚ ਬੀਐਸਐਫ ਵਿੱਚ ਭਰਤੀ ਹੋਈ ਸੀ ਅਤੇ ਇਸ ਵੇਲੇ ਵਿੱਚ ਬੀਐਸਐਫ ਦੀ ਪੰਜਾਬ ਯੂਨਿਟ ਵਿੱਚ ਸਬ-ਇੰਸਪੈਕਟਰ ਵਜੋਂ ਕੰਮ ਕਰ ਰਹੀ ਹੈ। ਪੰਜਾਬ ਵਿੱਚ ਇੱਕ ਪਲਾਟੂਨ ਦੀ ਕਮਾਂਡ ਕਰਦੇ ਸਮੇਂ ਸਰਹੱਦ ਪਾਰ ਸਨਾਈਪਰ ਹਮਲਿਆਂ ਦੇ ਖਤਰੇ ਨੂੰ ਮਹਿਸੂਸ ਕਰਨ ਤੋਂ ਬਾਅਦ, ਸੁਮਨ ਨੇ ਸਨਾਈਪਰ ਕੋਰਸ ਕਰਨ ਦਾ ਸੰਕਲਪ ਲਿਆ। ਸੁਮਨ ਨੇ ਆਪਣੀ ਮਰਜ਼ੀ ਨਾਲ ਸਨਾਈਪਰ ਕੋਰਸ ਲਈ ਅਪਲਾਈ ਕੀਤਾ ਸੀ। ਉਸ ਦੀ ਬਹਾਦਰੀ ਨੂੰ ਵੇਖਦੇ ਹੋਏ ਉਸਦੇ ਸੀਨੀਅਰ ਨੇ ਵੀ ਉਸਦਾ ਮਨੋਬਲ ਵਧਾਇਆ ਅਤੇ ਉਸ ਨੂੰ ਕੋਰਸ ਲਈ ਮਨਜ਼ੂਰੀ ਦੇ ਦਿੱਤੀ।