ਆਮਿਰ ਖਾਨ ਦੀ ਫਿਲਮ ‘ਦੰਗਲ’ ‘ਚ ਬਾਲ ਕਲਾਕਾਰ ਰਹੀ ਅਭਿਨੇਤਰੀ ਸੁਹਾਨੀ ਭਟਨਾਗਰ ਦਾ ਦੇਹਾਂਤ ਹੋ ਗਿਆ ਹੈ। 19 ਸਾਲ ਦੀ ਉਮਰ ‘ਚ ਸੁਹਾਨੀ ਭਟਨਾਗਰ ਦੁਨੀਆ ਨੂੰ ਅਲਵਿਦਾ ਕਹਿ ਗਈ। ਸੁਹਾਨੀ ਦਾ ਪਿਛਲੇ ਕੁਝ ਦਿਨਾਂ ਤੋਂ ਫਰੀਦਾਬਾਦ ‘ਚ ਇਲਾਜ ਚੱਲ ਰਿਹਾ ਸੀ। ਉਹ ਫਰੀਦਾਬਾਦ ਦੇ ਸੈਕਟਰ 17 ਵਿੱਚ ਰਹਿੰਦੀ ਸੀ। ਕੁਝ ਦਿਨ ਪਹਿਲਾਂ ਹੀ ਉਸ ਦੀ ਲੱਤ ‘ਚ ਫਰੈਕਚਰ ਹੋ ਗਿਆ ਸੀ। ਇਸ ਦੇ ਇਲਾਜ ਲਈ ਉਹ ਜੋ ਦਵਾਈਆਂ ਲੈ ਰਹੀ ਸੀ, ਉਸ ਦੇ ਰਿਐਕਸ਼ਨ ਕਾਰਨ ਸੁਹਾਨੀ ਦਾ ਸਾਰਾ ਸਰੀਰ ਪਾਣੀ ਨਾਲ ਭਰ ਗਿਆ। ਇਸ ਬਿਮਾਰੀ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਉਸ ਦੀ ਮੌਤ ਹੋ ਗਈ। ਸੁਹਾਨੀ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਸੈਕਟਰ-15 ਫਰੀਦਾਬਾਦ ਦੇ ਅਜਰੌਂਦਾ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।
ਸੁਹਾਨੀ ਨੇ ‘ਦੰਗਲ’ ‘ਚ ਆਮਿਰ ਖਾਨ ਦੀ ਛੋਟੀ ਬੇਟੀ (ਜੂਨੀਅਰ ਬਬੀਤਾ ਫੋਗਾਟ) ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਤੋਂ ਇਲਾਵਾ ਉਹ ਕੁਝ ਟੀਵੀ ਇਸ਼ਤਿਹਾਰਾਂ ਵਿੱਚ ਵੀ ਨਜ਼ਰ ਆਈ ਸੀ। ਹਾਲਾਂਕਿ, ਬਾਅਦ ਵਿੱਚ ਉਸਨੇ ਕੰਮ ਤੋਂ ਛੁੱਟੀ ਲੈ ਕੇ ਆਪਣੀ ਪੜ੍ਹਾਈ ਪੂਰੀ ਕਰਨ ਦਾ ਫੈਸਲਾ ਕੀਤਾ। ਉਸ ਨੇ ਆਪਣੇ ਕਈ ਇੰਟਰਵਿਊਜ਼ ‘ਚ ਕਿਹਾ ਸੀ ਕਿ ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਿਲਮਾਂ ‘ਚ ਵਾਪਸੀ ਕਰੇਗੀ।