ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਪਵੇਗਾ ਅਸਰ
ਕੈਨੇਡਾ ਦੇ ਫ੍ਰੈਂਚ ਬੋਲਣ ਵਾਲੇ ਸੂਬੇ ਕਿਊਬੈਕ ਹੁਣ ਉਥੋਂ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਵਿਦਿਆਰਥੀਆਂ ‘ਤੇ ਅੰਗਰੇਜ਼ੀ ਭਾਸ਼ਾ ਦੇ ਕੋਰਸ ਕਰਕੇ ਫ੍ਰੈਂਚ ਭਾਸ਼ਾ ਸਿੱਖਣ ਦਾ ਦਬਾਅ ਵਧਾਉਣ ਜਾ ਰਿਹਾ ਹੈ। ਕਿਊਬੈਕ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਵਧਾਏਗੀ ਅਤੇ ਉਨ੍ਹਾਂ ਲਈ ਅਪਣੀ ਪੜ੍ਹਾਈ ਦੌਰਾਨ ਫ੍ਰੈਂਚ ਸਿੱਖਣਾ ਲਾਜ਼ਮੀ ਬਣਾਏਗੀ। ਸੂਬਾ ਸਰਕਾਰ ਨੇ ਗੈਰ ਫ੍ਰੈਂਚ ਵਿਦਿਆਰਥੀਆਂ ਲਈ ਟਿਊਸ਼ਨ ਫੀਸ 33 ਫੀ ਸਦੀ ਵਧਾਉਣ ਦੀ ਤਜਵੀਜ਼ ਤਿਆਰ ਕੀਤੀ ਹੈ। ਹਾਲਾਂਕਿ ਪਹਿਲਾਂ ਫੀਸ ਦੁੱਗਣੀ ਕਰਨ ਦੀ ਤਜਵੀਜ਼ ਸੀ ਪਰ ਬਾਅਦ ਵਿਚ ਇਸ ਨੂੰ ਘਟਾ ਕੇ 33 ਫੀ ਸਦੀ ਕਰ ਦਿਤਾ ਗਿਆ। ਇਸ ਦੇ ਨਾਲ ਹੀ ਸੂਬੇ ਵਿਚ ਅੰਗਰੇਜ਼ੀ ਵਿਚ ਸਿੱਖਿਆ ਦੇਣ ਵਾਲੀਆਂ ਯੂਨੀਵਰਸਿਟੀਆਂ ਨੂੰ ਵੱਧ ਤੋਂ ਵੱਧ ਫਰਾਂਸੀਸੀ ਭਾਸ਼ਾ ਅਪਣਾਉਣ ਲਈ ਕਿਹਾ ਜਾਵੇਗਾ।
ਇਸ ਦੇ ਨਾਲ ਹੀ ਕਿਊਬੈਕ ਸੂਬੇ ਨੇ ਫਰਾਂਸੀਸੀ ਭਾਸ਼ਾ ਵਿਚ ਪੜ੍ਹਣ ਵਾਲੇ ਵਿਦਿਆਰਥੀਆਂ ਦੀਆਂ ਫੀਸਾਂ ਘਟਾਉਣ ਦੀ ਵੀ ਯੋਜਨਾ ਬਣਾਈ ਹੈ। ਕਿਊਬੈਕ ਫਰਾਂਸ, ਬੈਲਜੀਅਮ ਅਤੇ ਸਵਿਟਜ਼ਰਲੈਂਡ ਦੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਹੈ ਤਾਂ ਜੋ ਯੂਰਪੀਅਨ ਮੂਲ ਦੇ ਹੋਰ ਲੋਕ ਕਿਊਬੈਕ ਆਉਣ। ਕਿਊਬੈਕ ਦੂਜੇ ਸੂਬਿਆਂ ਤੋਂ ਆਉਣ ਵਾਲੇ ਕੈਨੇਡੀਅਨ ਵਿਦਿਆਰਥੀਆਂ ਲਈ ਕਾਲਜ-ਯੂਨੀਵਰਸਿਟੀ ਦੀ ਸਿੱਖਿਆ ਨੂੰ ਵੀ ਮਹਿੰਗਾ ਬਣਾ ਰਿਹਾ ਹੈ। ਕਿਊਬੈਕ ਬਾਅਦ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਪ੍ਰਾਪਤ ਫੀਸਾਂ ਦਾ ਇਕ ਵੱਡਾ ਹਿੱਸਾ ਫਰਾਂਸੀਸੀ ਬੋਲਣ ਵਾਲੀਆਂ ਯੂਨੀਵਰਸਿਟੀਆਂ ਵਿਚ ਵੰਡਦਾ ਹੈ। ਕਿਊਬੈਕ ਵਿਚ ਹਰ ਸਾਲ 60 ਹਜ਼ਾਰ ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਹਨ, ਜਿਨ੍ਹਾਂ ਵਿਚੋਂ 20 ਹਜ਼ਾਰ ਇਕੱਲੇ ਪੰਜਾਬ ਦੇ ਹਨ। ਅਜਿਹੇ ‘ਚ ਟਿਊਸ਼ਨ ਫੀਸ ‘ਚ ਵਾਧੇ ਦਾ ਸੱਭ ਤੋਂ ਜ਼ਿਆਦਾ ਅਸਰ ਉਨ੍ਹਾਂ ‘ਤੇ ਪਵੇਗਾ ਅਤੇ ਉਨ੍ਹਾਂ ਨੂੰ ਫੀਸਾਂ ਨੂੰ ਬਚਾਉਣ ਲਈ ਫ੍ਰੈਂਚ ਸਿੱਖਣੀ ਪਵੇਗੀ। ਕੈਨੇਡੀਅਨ ਸਿੱਖਿਆ ਪ੍ਰਣਾਲੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਿਊਬੈਕ ਵਿਚ ਕੰਮ ਕਰਨ ਵਾਲੀਆਂ ਯੂਨੀਵਰਸਿਟੀਆਂ ਨੇ ਸੂਬੇ ਤੋਂ ਬਾਹਰ ਹੋਰ ਸੂਬਿਆਂ ਵਿਚ ਅਪਣੇ ਕੈਂਪਸ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ ਤਾਂ ਜੋ ਲੋੜ ਪੈਣ ’ਤੇ ਵਿਦਿਆਰਥੀਆਂ ਨੂੰ ਉਥੇ ਤਬਦੀਲ ਕੀਤਾ ਜਾ ਸਕੇ।