ਅਮਰੀਕਾ: ਅਮਰੀਕਾ ‘ਚ ਰਾਤੋ-ਰਾਤ 1790 ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ। ਦਰਅਸਲ, ਇੰਡੀਆਨਾ ਸੂਬੇ ਨੇ ਗੈਰ-ਕਾਨੂੰਨੀ ਤੌਰ ‘ਤੇ ਗਏ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਇੰਡੀਆਨਾ ਦੇ ਨਵੇਂ ਕਾਨੂੰਨ ਕਾਰਨ 1790 ਡਰਾਈਵਰਾਂ ਦੀ ਨੌਕਰੀ ਚਲੀ ਗਈ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਹਨ। ਇੰਡੀਆਨਾ ਦੇ ਅਟਾਰਨੀ ਜਨਰਲ ਟੌਡ ਰੌਕਟਾ ਨੇ ਕਿਹਾ ਕਿ ਸਾਡਾ ਮਕਸਦ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਸਟੀਅਰਿੰਗ ਵ੍ਹੀਲ ਦੇ ਪਿੱਛੇ ਬੈਠਾ ਵਿਅਕਤੀ ਪੂਰੀ ਤਰ੍ਹਾਂ ਸਿੱਖਿਅਤ ਅਤੇ ਕਾਨੂੰਨੀ ਤੌਰ ‘ਤੇ ਯੋਗ ਹੋਵੇ।
ਮਿਲੀ ਜਾਣਕਾਰੀ ਅਨੁਸਾਰ ਗਵਰਨਰ ਮਾਈਕ ਬ੍ਰੌਨ ਨੇ ਮਾਰਚ 2026 ਵਿੱਚ ‘ਹਾਊਸ ਐਨਰੋਲਡ ਐਕਟ 1200’ ‘ਤੇ ਦਸਤਖਤ ਕਰ ਦਿੱਤੇ ਹਨ। ਇੰਡੀਆਨਾ ਬੀ.ਐਮ.ਵੀ. (BMV) ਨੇ 16 ਮਾਰਚ ਨੂੰ 1790 ਡਰਾਈਵਰਾਂ ਨੂੰ ਨੋਟਿਸ ਭੇਜਿਆ ਸੀ, ਜਿਸ ਵਿੱਚ ਲਾਇਸੈਂਸ ਰੱਦ ਕਰਨ ਦੀ ਸੂਚਨਾ ਦਿੱਤੀ ਗਈ ਸੀ। ਕਾਨੂੰਨ ਲਾਗੂ ਹੁੰਦੇ ਹੀ 1 ਅਪ੍ਰੈਲ ਨੂੰ ਸਾਰੇ ‘ਨੌਨ-ਡੋਮੀਸਾਈਲਡ ਸੀ.ਡੀ.ਐਲ.’ (ਜਿਨ੍ਹਾਂ ਕੋਲ H-2A, H-2B ਜਾਂ E-2 ਵੀਜ਼ਾ ਨਹੀਂ ਸੀ) ਆਪਣੇ ਆਪ ਐਕਸਪਾਇਰ ਹੋ ਗਏ।
ਗੈਰ-ਕਾਨੂੰਨੀ ਤੌਰ ‘ਤੇ ਟਰੱਕ ਚਲਾ ਰਹੇ ਪ੍ਰਵਾਸੀਆਂ ‘ਤੇ ਕਾਰਵਾਈ ਕਰਨ ਵਾਲਾ ਇੰਡੀਆਨਾ ਅਮਰੀਕਾ ਦਾ ਪਹਿਲਾ ਸੂਬਾ ਬਣ ਗਿਆ ਹੈ। ਗਵਰਨਰ ਮਾਈਕ ਬ੍ਰੌਨ ਨੇ ਦੱਸਿਆ ਕਿ ਇਹ ਫੈਸਲਾ ਫਰਵਰੀ 2026 ਵਿੱਚ ਪੰਜਾਬੀ ਟਰੱਕ ਡਰਾਈਵਰਾਂ ਵੱਲੋਂ ਕੀਤੇ ਗਏ 2 ਵੱਡੇ ਹਾਦਸਿਆਂ ਤੋਂ ਬਾਅਦ ਲਿਆ ਗਿਆ ਹੈ। ਖਾਸ ਤੌਰ ‘ਤੇ ਫਰਵਰੀ 2026 ਵਿੱਚ ਸੁਖਦੀਪ ਸਿੰਘ ਦੇ ਟਰੱਕ ਨਾਲ ਹੋਏ ਹਾਦਸੇ ਵਿੱਚ ਇੱਕ 64 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ।
ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਅਣਸਿੱਖਿਅਤ ਅਤੇ ਅਯੋਗ ਡਰਾਈਵਰਾਂ ਨੂੰ ਰੋਕਿਆ ਜਾਵੇਗਾ ਅਤੇ ਸੜਕਾਂ ਸੁਰੱਖਿਅਤ ਹੋਣਗੀਆਂ। ਨਵੇਂ ਨਿਯਮ ਮੁਤਾਬਕ ਅੰਗਰੇਜ਼ੀ ਆਉਣੀ ਲਾਜ਼ਮੀ ਹੈ। ਰੱਦ ਲਾਇਸੈਂਸ ਵਾਲੇ ਟਰੱਕ ਡਰਾਈਵਰਾਂ ਨੂੰ ਨੌਕਰੀ ਦੇਣ ਵਾਲੇ ਟਰੱਕ ਮਾਲਕਾਂ ਨੂੰ 50,000 ਡਾਲਰ ਜੁਰਮਾਨਾ ਭਰਨਾ ਪਵੇਗਾ। ਦੱਸ ਦਈਏ ਕਿ ਫਰਵਰੀ 2026 ਵਿੱਚ ਇੰਡੀਆਨਾ ਵਿਧਾਨ ਸਭਾ ਵਿੱਚ HEA 1200 ਪੇਸ਼ ਕੀਤਾ ਗਿਆ ਸੀ। ਕਈ ਭਿਆਨਕ ਹਾਦਸਿਆਂ ਤੋਂ ਬਾਅਦ ਇਹ ਬਿੱਲ ਪਾਸ ਹੋਇਆ। ਗਵਰਨਰ ਮਾਈਕ ਬ੍ਰੌਨ ਨੇ ਮਾਰਚ 2026 ਦੇ ਮੱਧ ਵਿੱਚ ਇਸ ‘ਤੇ ਦਸਤਖਤ ਕੀਤੇ। ਲੈਫਟੀਨੈਂਟ ਗਵਰਨਰ ਮਾਈਕਾ ਬੇਕਵਿਥ ਅਤੇ ਅਟਾਰਨੀ ਜਨਰਲ ਨੇ ਇਸ ਨੂੰ ਸੜਕ ਸੁਰੱਖਿਆ ਲਈ ਇੱਕ ਵੱਡਾ ਕਦਮ ਦੱਸਿਆ ਹੈ।














