ਬਰੈਂਪਟਨ : ਕੈਨੇਡਾ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਸਰੀ ਦੀ ਮੇਅਰ ਬਰੈਂਡਾ ਲੌਕ ਵੱਲੋਂ ਫੈਡਰਲ ਸਰਕਾਰ ਨੂੰ ਸਖ਼ਤ ਕਦਮ ਉਠਾਉਣ ਦਾ ਸੱਦਾ ਦਿਤਾ ਗਿਆ ਹੈ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੀਬਲੈਂਕ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਸਾਡੇ ਲੋਕ ਬੇਹੱਦ ਡਰੇ ਹੋਏ ਹਨ ਅਤੇ ਇਸ ਸਮੱਸਿਆ ਨੂੰ ਜੜੋਂ ਖਤਮ ਕੀਤਾ ਜਾਵੇ। ਸੀ.ਪੀ. 24 ਨਾਲ ਗੱਲਬਾਤ ਕਰਦਿਆਂ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਸਾਡੀਆਂ ਕਮਿਊਨਿਟੀਜ਼ ਨੂੰ ਜਬਰੀ ਵਸੂਲੀ ਦੇ ਕੌਮਾਂਤਰੀ ਨੈਟਵਰਕ ਰਾਹੀਂ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਬਰੈਂਪਟਨ ਵਿਚ ਵਸਦੇ ਸਾਊਥ ਏਸ਼ੀਅਨਜ਼ ਦੀ ਹਿਫਾਜ਼ਤ ਵਾਸਤੇ ਹਰ ਸੰਭਵ ਕਦਮ ਉਠਾਇਆ ਜਾਵੇ।
ਬਰੈਂਪਟਨ ਅਤੇ ਸਰੀ ਦੇ ਮੇਅਰਾਂ ਲੋਕ ਸੁਰੱਖਿਆ ਮੰਤਰੀ ਨੂੰ ਲਿਖਿਆ ਪੱਤਰ
ਦੂਜੇ ਪਾਸੇ ਫੈਡਰਲ ਸਰਕਾਰ ਨੂੰ ਲਿਖੇ ਪੱਤਰ ਵਿਚ ਦੋਹਾਂ ਸ਼ਹਿਰਾਂ ਦੇ ਮੇਅਰਜ਼ ਨੇ ਕਿਹਾ ਕਿ ਇਹ ਖਤਰਨਾਕ ਘਟਨਾਕ੍ਰਮ ਮਾਮਲਾ ਬੇਹੱਦ ਨਾਜ਼ੁਕ ਹੋਣ ਵੱਲ ਇਸ਼ਾਰਾ ਕਰਦਾ ਹੈ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਤੁਰਤ ਰਾਹਤ ਮਿਲਣੀ ਚਾਹੀਦੀ ਹੈ। ਇਥੇ ਦਸਣਾ ਬਣਦਾ ਹੈ ਕਿ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਆਪਣੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੀਲ ਰੀਜਨ ਦੇ ਲੋਕਾਂ ਨੂੰ ਇਕ ਹੌਟਲਾਈਨ ਨੰਬਰ ਵੀ ਦਿਤਾ ਗਿਆ ਹੈ। ਮਸਲਾ ਸਿਰਫ ਦੋ ਸ਼ਹਿਰਾਂ ਤੱਕ ਸੀਮਤ ਨਹੀਂ ਅਤੇ ਐਡਮਿੰਟਨ ਸ਼ਹਿਰ ਦੀ ਪੁਲਿਸ ਇਸ ਮਾਮਲੇ ਵਿਚ ਕਈ ਗ੍ਰਿਫ਼ਤਾਰੀਆਂ ਕਰ ਚੁੱਕੀ ਹੈ। ਐਡਮਿੰਟਨ ਪੁਲਿਸ ਵੱਲੋਂ ਗ੍ਰਿਫ਼ਤਾਰ ਛੇ ਜਣਿਆਂ ਵਿਚੋਂ ਪੰਜ ਦੀ ਸ਼ਨਾਖਤ ਪਰਮਿੰਦਰ ਸਿੰਘ, ਹਸਨ ਡੈਂਬਿਲ, ਅਰਜੁਨ ਸਹਿਨਾਨ, ਮਾਨਵ ਹੀਰ ਅਤੇ ਰਵਿੰਦਰ ਸੰਧੂ ਵਜੋਂ ਕੀਤੀ ਗਈ ਜਦਕਿ ਛੇਵੇਂ ਸ਼ੱਕੀ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਉਸ ਦਾ ਨਾਂ ਗੁਪਤ ਰੱਖਿਆ ਗਿਆ। 20 ਸਾਲ ਦੇ ਪਰਮਿੰਦਰ ਸਿੰਘ ਵਿਰੁੱਧ ਹਥਿਆਰਾਂ ਨਾਲ ਸਬੰਧਤ 12 ਦੋਸ਼ ਆਇਦ ਕੀਤੇ ਗਏ ਹਨ ਅਤੇ ਉਹ 19 ਅਕਤੂਬਰ ਨੂੰ ਹੋਈ ਗ੍ਰਿਫ਼ਤਾਰੀ ਮਗਰੋਂ ਹੁਣ ਤੱਕ ਪੁਲਿਸ ਹਿਰਾਸਤ ਵਿਚ ਹੈ।