ਲੁਧਿਆਣਾ : ਆਵਾਰਾ ਕੁੱਤਿਆਂ ਦੇ ਝੁੰਡ ਨੇ ਜਗਰਾਉਂ ਨੇੜਲੇ ਪਿੰਡ ਪੱਬੀਆਂ ਦੇ ਸਾਬਕਾ ਸਰਪੰਚ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਾਬਕਾ ਸਰਪੰਚ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਬਕਾ ਸਰਪੰਚ ਜਗਦੀਸ਼ ਸਿੰਘ (80) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਲੰਬੇ ਸਮੇਂ ਤੋਂ ਆਪਣੇ ਖੇਤ ਵਿੱਚ ਬਣੀ ਮੋਟਰ ‘ਤੇ ਰਹਿ ਰਹੇ ਸਨ। ਬੁੱਧਵਾਰ ਦੇਰ ਰਾਤ ਜਦੋਂ ਉਹ ਉੱਠੇ, ਉਦੋਂ ਹੀ ਆਵਾਰਾ ਕੁੱਤਿਆਂ ਦੇ ਝੁੰਡ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਬਜ਼ੁਰਗ ਹੋਣ ਕਾਰਨ ਉਹ ਆਪਣਾ ਬਚਾਅ ਨਹੀਂ ਕਰ ਸਕੇ ਅਤੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਨਾਲ ਇਹ ਦੂਜੀ ਮੌਤ ਹੈ। 15 ਦਿਨ ਪਹਿਲਾਂ ਪੱਬੀਆਂ ਪਿੰਡ ਵਿੱਚ ਕੁੱਤਿਆਂ ਦੇ ਝੁੰਡ ਨੇ ਬਿਹਾਰ ਦੇ ਇੱਕ ਪ੍ਰਵਾਸੀ ਮਜ਼ਦੂਰ ‘ਤੇ ਹਮਲਾ ਕਰਕੇ ਉਸਨੂੰ ਮਾਰ ਦਿੱਤਾ ਸੀ। ਹੁਣ ਅਵਾਰਾ ਕੁੱਤਿਆਂ ਨੇ ਸਾਬਕਾ ਸਰਪੰਚ ਜਗਦੀਸ ਸਿੰਘ ਪੱਬੀਆਂ ਨੂੰ ਨੋਚ-ਨੋਚ ਕੇ ਮਾਰ ਦਿੱਤਾ।
ਪਿੰਡ ਵਾਸਿਆਂ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਦੇ ਝੁੰਡ ਲੰਬੇ ਸਮੇਂ ਤੋਂ ਲੋਕਾਂ ਅਤੇ ਪਸ਼ੂਆਂ ‘ਤੇ ਹਮਲੇ ਕਰ ਰਹੇ ਹਨ। ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ, ਪਰ ਸਮੱਸਿਆ ਦੇ ਹੱਲ ਲਈ ਕੋਈ ਅਸਰਦਾਰ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਦੇ ਆਤੰਕ ਦਾ ਡਰ ਇੰਨਾ ਵੱਧ ਗਿਆ ਹੈ ਕਿ ਲੋਕ ਹਨ੍ਹੇਰਾ ਹੋਣ ਤੋਂ ਬਾਅਦ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਬਚ ਰਹੇ ਹਨ। ਪਿੰਡ ਵਾਸਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਨੂੰ ਫੜਨ ਅਤੇ ਉਨ੍ਹਾਂ ਦੇ ਪੱਕੇ ਪ੍ਰਬੰਧਨ ਲਈ ਤੁਰੰਤ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਠੋਸ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿੱਚ ਹੋਰ ਵੀ ਗੰਭੀਰ ਘਟਨਾਵਾਂ ਵਾਪਰ ਸਕਦੀਆਂ ਹਨ।














